
29 ਅਕਤੂਬਰ 2023 ਨੂੰ ਉਸ ਦੇ ਪਤੀ ਨੇ ਲੰਡਨ 'ਚ ਕਰ ਦਿੱਤੀ ਸੀ ਹੱਤਿਆ
Mahek Sharma murder Case : ਗੁਰਦਾਸਪੁਰ ਦੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ ਮਹਿਕ ਸ਼ਰਮਾ (19) ਪੁੱਤਰੀ ਤਿਰਲੋਕ ਚੰਦ ਦੀ ਉਸ ਦੇ ਹੀ ਪਤੀ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਨੇ 29 ਅਕਤੂਬਰ 2023 ਨੂੰ ਲੰਡਨ 'ਚ ਹੱਤਿਆ ਕਰ ਦਿੱਤੀ ਸੀ। ਉਸ ਨੇ ਆਪਣੀ ਪਤਨੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੁਣ ਇਸ ਮਾਮਲੇ 'ਚ ਕਿੰਗਸਟਨ ਕਰਾਊਨ ਕੋਰਟ ਲੰਡਨ ਨੇ ਸਾਹਿਲ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਮਹਿਕ ਸ਼ਰਮਾ ਦੇ ਕਤਲ ਤੋਂ ਬਾਅਦ ਉਸ ਦੇ ਪਰਿਵਾਰ ਦੇ ਵਕੀਲ ਜੂਲੀਅਨ ਈਵਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਾਹਿਲ ਸ਼ਰਮਾ ਵਿਆਹ ਤੋਂ ਬਾਅਦ ਆਪਣੀ ਪਤਨੀ ਮਹਿਕ ਸ਼ਰਮਾ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕਰ ਰਿਹਾ ਸੀ। ਸਾਹਿਲ ਅਦਾਲਤ 'ਚ ਆਪਣੇ ਬਚਾਅ 'ਚ ਪਤਨੀ ਦੇ ਚਰਿੱਤਰ 'ਤੇ ਲੱਗੇ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕਿਆ, ਜਿਸ ਕਾਰਨ ਅਦਾਲਤ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ।
ਕਿੰਗਸਟਨ ਕਰਾਊਨ ਕੋਰਟ ਦੀ ਜੱਜ ਸਾਰਾਹ ਪਲਾਸਕਾ ਨੇ ਦੋਸ਼ੀ ਨੂੰ 14 ਸਾਲ ਅਤੇ 187 ਦਿਨ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਹੈ ਕਿ ਸਾਹਿਲ ਨੂੰ ਕਦੇ ਵੀ ਪੈਰੋਲ ਨਹੀਂ ਦਿੱਤੀ ਜਾਵੇਗੀ। ਉਸ ਨੂੰ ਆਪਣੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਵੇਗੀ। ਮਹਿਕ ਸ਼ਰਮਾ ਦੀ ਮਾਂ ਮਧੂ ਬਾਲਾ ਨੇ ਅਦਾਲਤ ਨੂੰ ਦੱਸਿਆ ਕਿ ਸਾਹਿਲ ਨੇ ਨਾ ਸਿਰਫ਼ ਉਸ ਦੀ ਬੇਟੀ ਦਾ ਕਤਲ ਕੀਤਾ ਸਗੋਂ ਪੂਰੇ ਪਰਿਵਾਰ ਨੂੰ ਵੀ ਬਰਬਾਦ ਕਰ ਦਿੱਤਾ। ਜਿਸ ਦਿਨ ਮਹਿਕ ਦਾ ਕਤਲ ਹੋਇਆ ਸੀ, ਉਸ ਦਿਨ ਉਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਬਹੁਤ ਭੁੱਖੀ ਹੈ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਯੂਨਾਈਟਿਡ ਸਿੱਖ ਸੰਸਥਾ ਦੀ ਮੈਨੇਜਰ ਨਰਪਿੰਦਰ ਕੌਰ ਮਾਨ ਦੇ ਯਤਨਾਂ ਸਦਕਾ ਮਹਿਕ ਸ਼ਰਮਾ ਦੀ ਮ੍ਰਿਤਕ ਦੇਹ ਨੂੰ ਪਿੰਡ ਜੋਗੀ ਚੀਮਾ ਲਿਆਂਦਾ ਗਿਆ ਸੀ, ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਮਹਿਕ ਸ਼ਰਮਾ ਦੀ ਮਾਂ ਅਤੇ ਮਾਮੇ ਨੂੰ ਬ੍ਰਿਟਿਸ਼ ਸਰਕਾਰ ਨੇ ਆਪਣੇ ਖਰਚੇ 'ਤੇ ਲੰਡਨ ਬੁਲਾਇਆ ਸੀ। ਉਨ੍ਹਾਂ ਨੂੰ ਉਸ ਘਰ 'ਚ ਵੀ ਲਿਜਾਇਆ ਗਿਆ ,ਜਿੱਥੇ ਮਹਿਕ ਸ਼ਰਮਾ ਦਾ ਕਤਲ ਕੀਤਾ ਗਿਆ ਸੀ।