
ਤੇ ਹੁਣ ਬਾਦਲ ਦਲ ਦੇ ਸਾਬਕਾ ਅਕਾਲੀ ਆਗੂਆਂ ਨੇ ਬੰਟੀ ਰੋਮਾਣਾ ਨੂੰ ਸੁਣਾਈਆਂ ਖਰੀਆਂ-ਖਰੀਆਂ
ਫ਼ਰੀਦਕੋਟ, 29 ਮਈ (ਗੁਰਿੰਦਰ ਸਿੰਘ) : ਅੱਜ ਇੱਥੇ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਬਾਦਲ ਨਾਲ ਜੁੜੇ ਰਹੇ ਵੱਖ-ਵੱਖ ਆਗੂਆਂ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਅਸੀਂ ਲੰਮਾ ਸਮਾਂ ਬੰਟੀ ਰੋਮਾਣਾ ਨਾਲ ਕੰਮ ਕੀਤਾ ਹੈ ਪਰ ਉਨ੍ਹਾਂ ਨੇ ਹਮੇਸ਼ਾਂ ਹੀ ਅਕਾਲੀ ਦਲ ਦਾ ਵਿਰੋਧ ਕਰਦਿਆਂ ਵਿਕਾਸ ਦੇ ਸਾਂਝੇ ਕੰਮਾਂ ’ਚ ਅੜਿੱਕਾ ਲਾਇਆ ਹੈ। ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦੀ ਚੇਅਰਪਰਸਨ ਕਿਰਨਜੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਔਲਖ, ਗੁਰਸ਼ਵਿੰਦਰ ਸਿੰਘ ਬਰਾੜ ਸਰਪੰਚ ਮਚਾਕੀ ਕਲਾਂ ਅਤੇ ਪ੍ਰਧਾਨ ਪੰਚਾਇਤ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ, ਰਾਜਵਿੰਦਰ ਸਿੰਘ ਪੱਪੂ ਸ਼ਿਮਰੇਵਾਲਾ ਸੀਨੀਅਰ ਵਾਈਸ ਚੇਅਰਮੈਨ ਮਿਲਕਫੈੱਡ ਫਰੀਦਕੋਟ, ਹਰਵਿੰਦਰ ਸਿੰਘ ਟਿੱਕਾ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬੰਟੀ ਰੋਮਾਣਾ ਵਲੋਂ ਹਮੇਸ਼ਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਹਰ ਚੋਣ ’ਚ ਵਿਰੋਧ ਕਰ ਕੇ ਹੋਰ ਪਾਰਟੀਆਂ ਨੂੰ ਵੋਟਾਂ ਪਵਾਈਆਂ ਜਾਂਦੀਆਂ ਰਹੀਆਂ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਹੁਣ ਫ਼ਰੀਦਕੋਟ ਹਲਕੇ ’ਚ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਬੰਟੀ ਰੋਮਾਣਾ ਬੌਖਲਾਹਟ ’ਚ ਹਨ, ਕਿਉਂਕਿ ਬੰਟੀ ਰੋਮਾਣਾ ਨੇ ਪਿਛਲੇ ਅਕਾਲੀ ਦਲ ਦੇ ਰਾਜ ਦੌਰਾਨ ਵੀ ਵਿਕਾਸ ਕਾਰਜ ਕਰਾਉਣ ਦੀ ਬਜਾਇ ਅੜਿੱਕੇ ਹੀ ਪਾਏ ਹਨ। ਉਨਾਂ ਕਿਹਾ ਕਿ ਉਨ੍ਹਾਂ ਨੇ ਲੰਮਾ ਸਮਾਂ ਬੰਟੀ ਰੋਮਾਣਾ ਨਾਲ ਕੰਮ ਕੀਤਾ ਹੈ ਪਰ ਬੰਟੀ ਰੋਮਾਣਾ ਨੇ ਹੁਣ ਤੱਕ ਕਦੇ ਵੀ ਅਕਾਲੀ ਦਲ ਨੂੰ ਵੋਟ ਨਹੀਂ ਪਾਈ। ਉਨਾਂ ਕਿਹਾ ਕਿ ਬੰਟੀ ਰੋਮਾਣਾ ਕਦੇ ਵੀ ਕੋਈ ਚੋਣ ਨਹੀਂ ਜਿੱਤਿਆ ਅਤੇ ਹੁਣ ਵੀ ਅਕਾਲੀ ਦਲ ਵਲੋਂ ਕਰਵਾਏ ਗਏ ਸਰਵੇ ’ਚ ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਮੀਦਵਾਰੀ ਖੁੱਸਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਉਹ ਬੌਖਲਾਹਟ ’ਚ ਹਨ।