
ਇਲਜ਼ਾਮ ਲੱਗੇ ਹਨ ਕਿ ਕੁਝ ਦਿਨ ਪਹਿਲਾਂ ਚੀਮਾ ਨੇ ਗੋਲਡੀ ਬਰਾੜ ਤੋਂ ਵੀ ਫੋਨ ਕਰਵਾਇਆ ਸੀ
ਅੰਮ੍ਰਿਤਸਰ - ਮਸ਼ਹੂਰ ਪੰਜਾਬੀ ਅਦਾਕਾਰ ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਰਤਾਰ ਚੀਮਾ ’ਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (NSUI) ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੂੰ ਗੋਲਡੀ ਬਰਾੜ ਤੋਂ ਧਮਕੀਆਂ ਦਵਾਉਣ ਦਾ ਇਲਜ਼ਾਮ ਹੈ।
ਦੱਸਿਆ ਜਾ ਰਿਹਾ ਹੈ ਕਿ ਕਰਤਾਰ ਚੀਮਾ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਅਕਸ਼ੇ ਸ਼ਰਮਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਵੱਲੋਂ ਅਕਸ਼ੇ ਸ਼ਰਮਾ ਨੂੰ ਫਿਰੌਤੀ ਲਈ ਫੋਨ ਕੀਤੇ ਜਾ ਰਹੇ ਹਨ ਤੇ ਜਾਨੋ ਮਾਰਨ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਅਕਸ਼ੇ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਕਰਤਾਰ ਚੀਮਾ ਦੀ ਫ਼ਿਲਮ ’ਤੇ ਪੈਸੇ ਲਗਾਏ ਸਨ। ਹੁਣ ਜਦੋਂ ਉਹ ਪੈਸੇ ਵਾਪਸ ਮੰਗ ਰਹੇ ਹਨ ਤਾਂ ਕਰਤਾਰ ਚੀਮਾ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਚੀਮਾ ਨੇ ਗੋਲਡੀ ਬਰਾੜ ਤੋਂ ਵੀ ਫੋਨ ਕਰਵਾਇਆ ਸੀ।”
Kartar Cheema
ਉੱਧਰ ਇਸ ਗ੍ਰਿਫ਼ਤਾਰੀ ਤੋਂ ਬਾਅਦ ਕਰਤਾਰ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਚੀਮਾ ਨੇ ਕਿਹਾ ਕਿ ਕੱਲ੍ਹ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਤੇ ਅੱਜ ਮੈਨੂੰ ਘੇਰਿਆ ਗਿਆ। ਚੀਮਾ ਤੋਂ ਜਦੋਂ ਬਰਾਮਦ ਕੀਤੀ ਪਿਸਤੌਲ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਪਿਸਤੌਲ ਮੇਰੇ ਕੋਲੋਂ ਬਰਾਮਦ ਨਹੀਂ ਹੋਇਆ ਹੈ ਇਸ ਬਾਰੇ ਪੁਲਿਸ ਤੋਂ ਵੀ ਪੁੱਛਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪੈਸਿਆਂ ਦਾ ਲੈਣ-ਦੇਣ ਦਾ ਵੀ ਕੋਈ ਮਾਮਲਾ ਨਹੀਂ ਹੈ ਇਹ ਸਭ ਸਿਆਸੀ ਸਟੰਟ ਹੈ ਪਰ ਉਹ ਸਭ ਪੁਲਿਸ ਪੜਤਾਲ ਕਰੇਗੀ ਤੇ ਇਸ ਵਿਚ ਗੋਲਡੀ ਬਰਾੜ ਦਾ ਕੀ ਰੋਲ ਹੈ ਉਸ ਬਾਰੇ ਵੀ ਪਤਾ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਜੋ ਗੋਲਡੀ ਬਰਾੜ ਦਾ ਨਾਮ ਲੈ ਰਹੇ ਹਨ ਉਹਨਾਂ ਦੇ ਗੋਲਡੀ ਬਰਾੜ ਨਾਲ ਅਪਣੇ ਲਿੰਕ ਹਨ। ਚੀਮਾ ਨੇ ਕਿਹਾ ਕਿ ਇਹ ਸਭ ਪਾਲੀਟਿਕਸ ਖੇਡੀ ਜਾ ਰਹੀ ਹੈ। ਉਹਨਾਂ ਕਿਹਾ ਜੋ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਸਭ ਝੂਠ ਹਨ ਹਾਂ ਇਹਨਾਂ ਨੇ ਸਿਕੰਦਰ 2 'ਤੇ ਪੈਸੇ ਜਰੂਰ ਲਗਾਏ ਸਨ ਪਰ ਜਦੋਂ ਹਿਸਾਬ ਹੋਇਆ ਤਾਂ ਉਲਟਾ ਇਹਨਾਂ ਵੱਲ ਪੈਸੇ ਬਣਦੇ ਹਨ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਪੇਸ਼ ਹੋਣ ਲਈ ਤਿਆਰ ਹਾਂ।