ਜਲਦ ਹੋਣਗੀਆਂ SGPC ਦੀਆਂ ਚੋਣਾਂ, ਵੋਟਾਂ ਬਣਾਉਣ ਦੀ ਪ੍ਰਕਿਰਿਆ ਲਈ ਨੋਟੀਫਿਕੇਸ਼ਨ ਜਾਰੀ 
Published : May 30, 2023, 8:19 pm IST
Updated : May 30, 2023, 8:19 pm IST
SHARE ARTICLE
SGPC
SGPC

ਸ਼੍ਰੋਮਣੀ ਕਮੇਟੀ ਤੋਂ ਇਕ ਪ੍ਰਵਾਰ ਦਾ ਕਬਜ਼ਾ ਹਟਾ ਕੇ ਲੋਕ ਅਪਣਾ ਨੁਮਾਇੰਦਾ ਚੁਣ ਕੇ ਭੇਜਣ - ਬੀਬੀ ਜਗੀਰ ਕੌਰ 

ਸ਼੍ਰੋਮਣੀ ਕਮੇਟੀ ਤੋਂ ਇਕ ਪ੍ਰਵਾਰ ਦਾ ਕਬਜ਼ਾ ਹਟਾਉਣ ਵਾਲੇ ਦਾ ਕਰਾਂਗਾ ਸਮਰਥਨ - ਬਲਜੀਤ ਸਿੰਘ ਦਾਦੂਵਾਲ 

ਚੰਡੀਗੜ੍ਹ - (ਨਵਜੋਤ ਸਿੰਘ ਧਾਲੀਵਾਲ/ਕੁਲਦੀਪ ਸਿੰਘ): ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਹੋ ਚੁਕਿਆ ਹੈ। ਜਰਨਲ ਹਾਊਸ ਮੈਂਬਰਾਂ ਦੀਆਂ ਚੋਣਾਂ ਲਈ ਗੁਰਦੁਆਰਾ ਚੀਫ਼ ਕਮਿਸ਼ਨਰ ਗੁਰਦੁਆਰਾ ਕਮਿਸ਼ਨ ਚੋਣਾਂ ਜਸਟਿਸ ਐਸ.ਐਸ. ਸਾਰੋਂ ਨੇ ਵੋਟਰ ਸੂਚੀਆਂ ਤਿਆਰ ਕਰਨ ਲਈ ਪੱਤਰ ਲਿਖਿਆ ਹੈ।

ਵੋਟਰ ਸੂਚੀਆਂ ਤਿਆਰ ਕਰਨ ਲਈ ਇਹ ਪੱਤਰ ਮੁੱਖ ਸਕੱਤਰ ਪੰਜਾਬ ਸਰਕਾਰ, ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਜ਼ ਨੂੰ ਭੇਜ ਦਿਤੇ ਗਏ ਹਨ। ਇਨ੍ਹਾਂ ਚੋਣਾਂ ਵਿਚ 21 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਸਿੱਖ ਅਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾ ਸਕਦਾ ਹੈ। ਵੋਟਰ ਸੂਚੀ ਦੁਬਾਰਾ ਤੋਂ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ। 

ਇਨ੍ਹਾਂ ਚੋਣਾਂ ਦੀ ਮਿਆਦ 2021 ਤਕ ਬਣਦੀ ਸੀ ਕਿਉਂਕਿ 2016 ਵਿਚ ਜਦੋਂ ਸੁਪ੍ਰੀਮ ਕੋਰਟ ਵਿਚ ਇਹ ਮੁੱਦਾ ਸੀ ਤਾਂ 15 ਸਤੰਬਰ 2016 ਨੂੰ ਇਸ ਨੂੰ ਮਾਨਤਾ ਦੇ ਦਿਤੀ ਗਈ ਸੀ ਤੇ ਜੋ ਹੁਣ ਮੌਜੂਦਾ ਕਮੇਟੀ ਹੈ ਉਸ ਨੂੰ ਇਹ ਬਹਾਨਾ ਮਿਲਿਆ ਸੀ ਕਿ ਉਸ ਨੂੰ ਸੁਪ੍ਰੀਮ ਕੋਰਟ ਵਲੋਂ ਇਹ ਮਾਨਤਾ ਮਿਲੀ ਹੈ। ਇਹ ਮਿਆਦ 5 ਸਾਲ ਦੀ ਸੀ ਤੇ ਉਹ ਮਿਆਦ 2021 ਵਿਚ ਹੀ ਖ਼ਤਮ ਹੋ ਗਈ ਸੀ। 

ਇਸ ਵਿਚ ਇਹ ਨਿਯਮ ਵੀ ਬਣਾ ਦਿਤੇ ਗਏ ਹਨ ਕਿ ਵੋਟ ਪਾਉਣ ਤੇ ਬਣਵਾਉਣ ਵਾਲਾ ਸਾਬਤ ਸੂਰਤ ਸਿੱਖ ਹੋਣਾ ਚਾਹੀਦਾ ਹੈ ਤੇ ਉਹ ਅਪਣੇ ਕੇਸ ਕਤਲ ਨਾ ਕਰਵਾਉਂਦਾ ਹੋਵੇ ਤੇ ਨਾ ਹੀ ਬੀੜੀ, ਤੰਬਾਕੂ ਆਦਿ ਦਾ ਸੇਵਨ ਕਰਦਾ ਹੋਵੇ। ਜੇ ਗੱਲ ਮੈਂਬਰਾਂ ਦੀ ਕੀਤੀ ਜਾਵੇ ਤਾਂ ਇਸ ਵਿਚ 170 ਮੈਂਬਰ ਚੁਣ ਕੇ ਆਉਂਦੇ ਹਨ, 15 ਮੈਂਬਰ ਬਾਕੀ ਮੈਂਬਰਾਂ ਨੂੰ ਨਾਮਜ਼ਦ ਕਰਦੇ ਹਨ, ਬਾਕੀ ਹੋਰ ਸਿੰਘ ਸਾਹਿਬਾਨ ਹੁੰਦੇ ਨੇ ਜਿਨ੍ਹਾਂ ਦੀ ਵੋਟ ਨਹੀਂ ਪੈਂਦੀ। ਚੋਣ ਪ੍ਰਕਿਰਿਆ ਆਰੰਭ ਹੋਣ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਵੱਖ-ਵੱਖ ਸਿੱਖ ਆਗੂਆਂ ਨਾਲ ਚਰਚਾ ਕੀਤੀ। 

ਸ਼੍ਰੋਮਣੀ ਕਮੇਟੀ ਤੋਂ ਇਕ ਪ੍ਰਵਾਰ ਦਾ ਕਬਜ਼ਾ ਹਟਾ ਕੇ ਲੋਕ ਅਪਣਾ ਨੁਮਾਇੰਦਾ ਚੁਣ ਕੇ ਭੇਜਣ - ਬੀਬੀ ਜਗੀਰ ਕੌਰ 
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਅਨੁਸਾਰ ਹਰ 5 ਸਾਲਾਂ ਬਾਅਦ ਇਹ ਚੋਣਾਂ ਹੋਣੀਆਂ ਹੁੰਦੀਆਂ ਹਨ ਪਰ ਫਿਰ ਵਿਚ ਸਹਿਜਧਾਰੀ ਵਾਲਾ ਮਸਲਾ ਆ ਗਿਆ ਸੀ ਜਿਸ ਨੂੰ ਹੱਲ ਹੋਣ ਨੂੰ 5 ਸਾਲ ਲੱਗ ਗਏ ਅਤੇ ਇਹ ਕਮੇਟੀ ਨੋਟੀਫਾਈ ਨਹੀਂ ਹੋਈ ਸੀ। ਹੁਣ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਤਾਂ 2023 ਤਕ ਦਾ ਸਮਾਂ ਪੂਰਾ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਕਿ ਕੇਂਦਰ ਨੇ ਵਧੀਆ ਫ਼ੈਸਲਾ ਲਿਆ ਹੈ ਪਰ ਫ਼ਿਲਹਾਲ ਉਨ੍ਹਾਂ ਨੇ ਵੋਟਾਂ ਬਣਾਉਣ ਦੀ ਹੀ ਗੱਲ ਕਹੀ ਹੈ ਤੇ ਉਹ ਵੀ ਐਸ.ਐਸ. ਸਾਰੋਂ ਨੇ ਇਹ ਨਿਰਦੇਸ਼ ਦਿਤੇ ਹਨ। 

ਸ਼੍ਰੋਮਣੀ ਕਮੇਟੀ 'ਤੇ ਅਕਾਲੀ ਦਲ ਦੇ ਕਬਜ਼ੇ ਨੂੰ ਲੈ ਕੇ ਜਗੀਰ ਕੌਰ ਨੇ ਕਿਹਾ ਕਿ ਪਹਿਲਾਂ ਜਿੰਨੇ ਵਾਰ ਵੀ ਚੋਣ ਹੋਈ ਹੈ, ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਮੈਂਬਰ ਚੁਣ ਕੇ ਆਏ ਹਨ ਤੇ ਜਦੋਂ ਉਨ੍ਹਾਂ ਦੀ ਇੰਨੀ ਦਖਲ਼ਅੰਦਾਜ਼ੀ ਤੋਂ ਲੋਕ ਦੁਖੀ ਹੋ ਗਏ ਤਾਂ ਉਨ੍ਹਾਂ 'ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਤੇ ਕੁੱਝ ਇਲਜ਼ਾਮ ਸਹੀ ਵੀ ਸਨ। ਉਸ ਸਮੇਂ ਜੋ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ਗਿਰਾਵਟ ਆਈ ਅਤੇ ਧਰਮ ਪ੍ਰਚਾਰ ਵਿਚ ਵਿਚ ਕਮੀ ਆਈ ਤਾਂ ਇਹ ਸਭ ਚੀਜ਼ਾਂ ਦੇਖ ਕੇ ਲੋਕ ਨਾਖੁਸ਼ ਹੋ ਰਹੇ ਸਨ ਤੇ ਜਲਦੀ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਸਨ। 

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਵਾਰ ਲੋਕ ਅਪਣੀ ਪਸੰਦ ਦੇ ਮੈਂਬਰ ਚੁਣ ਕੇ ਭੇਜਣਗੇ ਤੇ ਕੰਮ ਵਧੀਆ ਹੋਵੇਗਾ। ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਆਪ ਪ੍ਰਧਾਨ ਬਣਨ ਦੇ ਚਾਹਵਾਨ ਹੋਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪ ਕਦੇਂ ਵੀ ਪ੍ਰਧਾਨ ਬਣਨ ਦੇ ਚਾਹਵਾਨ ਨਹੀਂ ਰਹੇ ਪਰ ਪਿਛਲੀ ਵਾਰ ਇਹ ਸਿਧਾਂਤਕ ਤੌਰ 'ਤੇ ਕੁੱਝ ਲੜਾਈਆਂ ਲੜਨ ਦੇ ਲਈ ਕਹਿਣਾ ਪਿਆ ਸੀ ਪਰ ਹੁਣ ਜਦੋਂ ਨਵੀਂ ਚੋਣ ਹੋਵੇਗੀ ਤੇ ਜਿਸ ਨੂੰ ਵੀ ਲੋਕ ਸਰਬਸੰਮਤੀ ਨਾਲ ਚੁਣਨਗੇ ਉਹੀ ਪ੍ਰਦਾਨ ਹੋਵੇਗਾ।

ਬੀਬੀ ਜਗੀਰ ਕੌਰ ਨੂੰ ਪੁੱਛਿਆ ਗਿਆ ਕਿ ਕੀ ਹੁਣ ਉਹ ਅਪਣਾ ਵੱਖਰਾ ਧੜਾ ਲੈ ਕੇ ਮੈਦਾਨ ਵਿਚ ਆਉਣਗੇ ਜਾਂ ਨਹੀਂ ਤਾਂ ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਵਾਲੇ ਧੜੇ ਵਿਚ ਤਾਂ ਉਹ ਨਹੀਂ ਹਨ ਪਰ ਮੈਂ ਸਾਰੀ ਸਿੱਖ ਕੌਮ ਨੂੰ ਅਪੀਲ ਕਰਦੀ ਹਾਂ ਕਿ ਉਹ ਹੁਣ ਕਿਸੇ ਵਧੀਆ ਨੁਮਾਇੰਦੇ ਨੂੰ ਚੁਣ ਕੇ ਭੇਜਣ।  ਉਨ੍ਹਾਂ ਕਿਹਾ ਕਿ ਜੇ ਅਸੀਂ ਸ਼੍ਰੋਮਣੀ ਕਮੇਟੀ ਤੋਂ ਸਿਆਸੀ ਦਬਾਅ ਹਟਾਉਣਾ ਹੈ ਤੇ ਸਿੱਖਾਂ ਦੇ ਕੰਮ ਨਪੇਰੇ ਚਾੜਨੇ ਹਨ ਤਾਂ ਸਿੱਖ ਕੌਮ ਨੂੰ ਹੱਲਾ ਮਾਰ ਕੇ ਵਧੀਆ ਨੁਮਾਇੰਦਾ ਚੁਣ ਕੇ ਭੇਜਣਾ ਚਾਹੀਦਾ ਹੈ। 

ਸ਼੍ਰੋਮਣੀ ਕਮੇਟੀ ਤੋਂ ਇਕ ਪ੍ਰਵਾਰ ਦਾ ਕਬਜ਼ਾ ਹਟਾਉਣ ਵਾਲੇ ਦਾ ਕਰਾਂਗਾ ਸਮਰਥਨ - ਬਲਜੀਤ ਸਿੰਘ ਦਾਦੂਵਾਲ 
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਇਨ੍ਹਾਂ ਚੋਣਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪਿਛਲੇ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਦੀ ਮੰਗ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਸਮੇਂ ਅਨੁਸਾਰ 5 ਸਾਲ ਬਾਅਦ ਹੋ ਜਾਂਦੀਆਂ ਹਨ ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ 11 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। 

ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਹਰੇਕ ਸਿੱਖ ਅਪਣੇ-ਅਪਣੇ ਇਲਾਕੇ ਵਿਚੋਂ ਅਪਣਾ ਨੁਮਾਇੰਦਾ ਚੁਣ ਕੇ ਭੇਜਣ ਅਤੇ ਚੁਣੇ ਹੋਏ ਨੁਮਾਇੰਦੇ ਜਾ ਕੇ ਅਪਣੀ ਸੇਵਾ ਦੇ ਸਕਣ ਅਤੇ ਜੋ ਪਹਿਲਾਂ ਦੇ ਨੁਮਾਇੰਦੇ ਹਨ, ਉਹ 5 ਸਾਲ ਤੋਂ ਬਾਅਦ ਹਟਾਏ ਜਾਣੇ ਚਾਹੀਦੇ ਹਨ ਕਿਉਂਕਿ ਉਹ ਗ਼ੈਰ-ਕਾਨੂੰਨੀ ਕਮ ਕਰ ਰਹੇ ਹਨ ਤੇ ਉਹ ਚੁਣੀ ਹੋਈ ਕਮੇਟੀ ਨਹੀਂ ਰਹਿ ਜਾਂਦੀ। 5 ਸਾਲ ਬਾਅਦ ਉਹ ਸਾਰੇ ਗ਼ੈਰ-ਕਾਨੂੰਨੀ ਹੋ ਜਾਂਦੇ ਹਨ।  

ਬੀਬੀ ਜਗੀਰ ਕੌਰ ਨਾਲ ਸਹਿਮਤੀ ਪ੍ਰਗਟਾਉਂਦਿਆਂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਬਹਾਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਖ਼ੁਦ ਕਿਹਾ ਸੀ ਕਿ ਉਹ ਖ਼ੁਦ ਲਿਫ਼ਾਫ਼ੇ ਵਿਚੋਂ ਨਿਕਲਦੇ ਆਏ ਹਨ ਤੇ ਸ਼੍ਰੋਮਣੀ ਕਮੇਟੀ 'ਤੇ ਸਿਆਸੀ ਦਬਾਅ ਹੈ। 

ਉਨ੍ਹਾਂ ਨੇ ਲੋਕਂ ਨੂੰ ਅਪੀਲ ਕੀਤੀ ਜੇ ਧਾਰਮਕ ਸੰਸਥਾਵਾਂ ਵਿਚੋਂ ਸਿਆਸੀ ਦਖਲਅੰਦਾਜ਼ੀ ਬੰਦ ਹੋ ਜਾਵੇ ਤਾਂ ਚੰਗੀ ਗੱਲ ਹੈ ਕਿਉਂਕਿ ਧਾਰਮਕ ਸੰਸਥਾਵਾਂ ਨਿਰੋਲ ਢੰਗ ਨਾਲ ਚੱਲਣੀਆਂ ਚਾਹੀਦੀਆਂ ਹਨ ਨਾ ਕਿ ਸਿਆਸੀ ਦਖ਼ਲਅੰਦਾਜ਼ੀ ਹੋਣੀ ਚਾਹੀਦੀ ਹੈ। ਦਾਦੂਵਾਲ ਨੇ ਕਿਹਾ ਕਿ ਇਕੋ ਪ੍ਰਵਾਰ ਹੇਠਾਂ ਸ਼੍ਰੋਮਣੀ ਕਮੇਟੀ ਦੇ ਕੰਮ ਹੁੰਦੇ ਸਨ ਤਾਂ ਉਦੋਂ ਤੋਂ ਲੋਕਾਂ ਦਾ ਵਿਸ਼ਵਾਸ ਧਾਰਮਕ ਸੰਸਥਾ ਤੋਂ ਉੱਠ ਚੁੱਕਾ ਹੈ ਪਰ ਜੇ ਹੁਣ ਲੋਕ ਆਪ ਚੁਣ ਕੇ ਨੁਮਾਇੰਦੇ ਭੇਜਣਗੇ ਤਾਂ ਲੋਕਾਂ ਦਾ ਵਿਸ਼ਵਾਸ ਇਕ ਵਾਰ ਫਿਰ ਸ਼੍ਰੋਮਣੀ ਕਮੇਟੀ 'ਤੇ ਬੱਝੇਗਾ। 

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਇਸ ਵਿਚ ਅਪਣਾ ਧੜਾ ਸ਼ਾਮਲ ਕਰਨਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਹੀ ਚਾਹੁੰਦੇ ਹਨ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਪ੍ਰਵਾਰ ਦਾ ਸਾਇਆ ਹਟਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਕ ਪ੍ਰਵਾਰ ਦਾ ਕਬਜ਼ਾ ਹਟਾਉਣ ਲਈ ਕੰਮ ਕਰੇਗਾ ਉਹ ਉਨ੍ਹਾਂ ਦਾ ਪੂਰਾ ਸਾਥ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿਚ ਵੀ ਇਹੀ ਲੜਾਈ ਲੜ ਰਹੇ ਹਨ ਕਿ ਧਾਰਮਕ ਸੰਸਥਾਵਾਂ ਸਿਆਸੀ ਹਿੱਤਾਂ ਵਿਚੋਂ ਛਡਵਾਈਆਂ ਜਾਣੀਆਂ ਚਾਹੀਦੀਆਂ ਹਨ। 

ਸਿਆਸੀ ਗਲਾਵੇਂ ਤੋਂ ਮੁਕਤ ਹੋਣੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ: ਗੁਰਪ੍ਰੀਤ ਸਿੰਘ ਰੰਧਾਵਾ  
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਵੋਟਾਂ ਬਣਨ ਦਾ ਐਲਾਨ ਹੋ ਚੁਕਿਆ ਹੈ ਪਰ ਇਸ ਸਬੰਧੀ ਸਰਕਾਰ ਜਾਂ ਚੋਣ ਕਮਿਸ਼ਨ ਵਲੋਂ ਕੋਈ ਪ੍ਰੈਸ ਕਾਨਫ਼ਰੰਸ ਨਹੀਂ ਕੀਤੀ ਗਈ। ਜੇਕਰ ਇਹ ਨੋਟੀਫਿਕੇਸ਼ਨ ਸਹੀ ਹੈ ਤਾਂ ਉਹ ਇਸ ਦਾ ਸਵਾਗਤ ਕਰਦੇ ਹਨ। ਸਿੱਖ ਕੌਮ ਲਈ ਇਹ ਚੋਣਾਂ ਬਹੁਤ ਮਾਇਨੇ ਰਖਦੀਆਂ ਹਨ। ਮਸਲਾ ਇਹ ਨਹੀਂ ਕਿ ਕੌਣ ਜਿੱਤੇਗਾ ਜਾਂ ਕੌਣ ਹਾਰੇਗਾ ਪਰ ਇਸ ਚੋਣ ਦੌਰਾਨ ਸਿੱਖ ਲੀਡਰਸ਼ਿਪ ਦਾ ਵਿਕਾਸ ਸ਼ੁਰੂ ਹੋਵੇਗਾ।

ਸ਼੍ਰੋਮਣੀ ਕਮੇਟੀ ਵਿਚ ਸਿਆਸੀ ਦਖ਼ਲਅੰਦਾਜ਼ੀ ਸਬੰਧੀ ਬੀਬੀ ਜਗੀਰ ਕੌਰ ਦੇ ਬਿਆਨ ’ਤੇ ਰੰਧਾਵਾ ਨੇ ਕਿਹਾ ਕਿ ਇਹ ਗੱਲਾਂ 2015 ਤੋਂ ਹੁੰਦੀਆਂ ਆ ਰਹੀਆਂ ਹਨ। ਉਸ ਮਗਰੋਂ ਜਥੇਦਾਰ ਭਾਈ ਰਣਜੀਤ ਸਿੰਘ ਨੇ ਪਿੰਡ-ਪਿੰਡ ਜਾ ਕੇ ਸੰਗਤਾਂ ਨੂੰ ਜਾਗਰੂਕ ਕੀਤਾ ਅਤੇ ਸਿੱਖ ਇਸ ਗੱਲ ਨੂੰ ਸਮਝ ਵੀ ਰਹੇ ਹਨ। ਇਸ ਵਿਚ ਕੋਈ ਦੋ ਰਾਇ ਨਹੀਂ ਕਿਉਂਕਿ ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਸਨ ਤਾਂ ਉਨ੍ਹਾਂ ’ਤੇ ਸਿਆਸੀ ਦਬਾਅ ਸੀ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ, ਸਿਆਸੀ ਗਲਾਵੇਂ ਤੋਂ ਮੁਕਤ ਹੋਣੀ ਚਾਹੀਦੀ ਹੈ ਕਿਉਂਕਿ ਇਹ ਨਿਰੋਲ ਧਾਰਮਕ ਆਗੂਆਂ ਹੱਥ ਹੋਣੀ ਚਾਹੀਦੀ ਹੈ ਤਾਂ ਹੀ ਸਿੱਖੀ ਦਾ ਪ੍ਰਸਾਰ ਹੋਵੇਗਾ। ਸਿੱਖਾਂ ਦੀ ਧੜੇਬੰਦੀ ਬਾਰੇ ਗੱਲ ਕਰਦਿਆਂ ਗੁਰਪ੍ਰੀਤ ਰੰਧਾਵਾ ਨੇ ਕਿਹਾ ਕਿ ਧੜੇਬੰਦੀ ਹਰੇਕ ਧਰਮ ਵਿਚ ਹੈ। ਅਹਿਮ ਗੱਲ ਇਹ ਹੈ ਕਿ ਇਹ ਵੋਟ ਸਾਬਤ ਸੂਰਤ ਸਿੱਖ ਵਲੋਂ ਪਾਈ ਜਾਵੇਗੀ ਅਤੇ ਉਸ ਨੇ ਫ਼ੈਸਲਾ ਕਰਨਾ ਹੈ ਕਿ ਅਪਣੇ ਧਰਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement