
Punjab Lok Sabha Election :ਕਲ ਤਕ ਜਿਸ ਨੂੰ ਬੁਰਾ ਭਲਾ ਆਖਿਆ ਸੀ, ਉਸ ਦੀ ਚੰਗੀ ਆਦਤ ਜਾਂ ਗੱਲਾਂ ਦੀ ਵੀ ਅਪਣੇ ਸ਼ਬਦਾਂ ਵਿਚ ਨਿੰਦਾ ਕੀਤੀ ਸੀ
Punjab Lok Sabha Election News in punjabi: ਸਾਲ 2024 ਲੋਕ ਸਭਾ ਚੋਣਾਂ ਦੀ ਉਡੀਕ ਕਿਸ ਕਿਸ ਨੂੰ ਸੀ ਅਤੇ ਕੌਣ-ਕੌਣ ਇਸ ਵੇਲੇ ਦੀ ਤਾਕ ਵਿਚ ਅਪਣੀਆਂ ਆਸਾਂ/ਉਮੀਦਾਂ ਨੂੰ ਪੂਰੇ ਹੁੰਦਿਆਂ ਵੇਖਣ ਲਈ ਸੁਪਨੇ ਸੰਜੋਈ, ਬਸ ਲੋਕ ਸਭਾ ਚੋਣਾਂ ਦੀ ਹੀ ਉਡੀਕ ਵਿਚ ਬੈਠੇ ਸਨ। ਉਹ ਜਿਨ੍ਹਾਂ ਨੇ ਲੋਕ ਸਭਾ ਚੋਣ ਆਉਂਦੇ ਸਾਰ ਹੀ ਅਪਣੀ ਹੋਂਦ ਦਾ ਪ੍ਰਗਟਾਵਾ ਕਰਨਾ ਸੀ, ਆਪੋ-ਅਪਣੀ ਪਾਰਟੀ ਬਦਲਣ ਵਾਸਤੇ ਬੜੇ ਕਾਹਲੇ ਬੈਠੇ ਇਨ੍ਹਾਂ ਲੀਡਰਾਂ ਨੇ ਲੋਕਾਂ ਪ੍ਰਤੀ ਆਪੋ-ਅਪਣੀ ਫ਼ਿਕਰਮੰਦੀ ਦਾ ਇਜ਼ਹਾਰ ਕਰਨਾ ਸੀ। ਲੋਕਾਂ ਦੀ ਭਲਾਈ-ਸੇਵਾ ਵੱਧ ਤੋਂ ਵੱਧ ਕਰਨ ਵਾਲੀਆਂ ਜਾਂ ਕਰ ਰਹੀਆਂ ਰਾਜਨੀਤਕ ਪਾਰਟੀਆਂ ਵਿਚ ਸ਼ਾਮਲ ਹੋ ਕੇ ਅਪਣਾ ਲੋਕ-ਹਿਤੈਸ਼ੀ/ਲੋਕ-ਪੱਖੀ ਯੋਗਦਾਨ ਪਾਉਣਾ ਸੀ ਜਿਹੜਾ ਕਿ ਉਨ੍ਹਾਂ ਨੇ ਸ਼ੁਰੂ ਕਰ ਦਿਤਾ। ਭਾਵ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਹਿ ਦਿਲੋਂ ਸੇਵਾ ਕਰਨ ਦਾ ਦਾਅਵਾ ਕਰਦੀਆਂ ਸਿਆਸੀ ਪਾਰਟੀਆਂ ਦਾ ਪੱਲਾ ਫੜ ਕੇ ਸੇਵਾ ਕਰਨ ਦਾ ਸੰਕਲਪ ਲੈਂਦੇ ਹੋਏ, ਮੁੜ ਨਵੇਂ ਸਿਰਿਉਂ ਅਪਣੀ ਸੇਵਾ ਆਰੰਭ ਕਰ ਦਿਤੀ ਹੈ।
ਇਹ ਵੀ ਪੜ੍ਹੋ: Barnala News: ਅੱਤ ਦੀ ਗਰਮੀ ਵਿਚ PRTC ਮੁਲਾਜ਼ਮ ਦੀ ਹੋਈ ਮੌਤ
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੀਡਰ ਕਲ ਤਕ ਸਭ ਤੋਂ ਮਾੜੇ ਲਗਦੇ ਹੁੰਦੇ ਸਨ ਅਤੇ ਲੋਕ ਵਿਰੋਧੀ ਫ਼ੈਸਲੇ ਲੈਂਦੇ ਰਹੇ ਹਨ, ਹੁਣ ਅਚਾਨਕ ਹੀ ਦੂਰ-ਅੰਦੇਸ਼ੀ ਸੋਚ ਦੇ ਮਾਲਕ, ਲੋਕ-ਪੱਖੀ ਕਿਵੇਂ ਦਿਸਣ ਲੱਗ ਪਏ। ਫਿਰ ਹਰਮਨ ਪਿਆਰੇ ਇੰਨੇ ਲੱਗੇ ਕਿ ਹਰ ਸਿਆਸੀ ਪਾਰਟੀ ਰਾਜਨੀਤਕ ਦਲ ਬਦਲੂ ਲੀਡਰ ਨੂੰ ਅਪਣੀ ਪਾਰਟੀ ਦਾ ਉਮੀਦਵਾਰ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕਰ ਕੇ ਡੁਬਦੀ ਬੇੜੀ ਪਾਰ ਲੰਘਾਉਣਾ ਚਾਹੁੰਦੀਆਂ ਹਨ। ਭਾਵੇਂ ਉਹ ਦਲ ਬਦਲੂ ਬੇੜੀ ਡੋਬ ਹੀ ਕਿਉਂ ਨਾ ਨਿਕਲੇ। ਉਨ੍ਹਾਂ ਅਨੁਸਾਰ ਜੇਕਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਭਲਾ ਜਾਂ ਵਿਕਾਸ ਹੋ ਸਕਦਾ ਹੈ ਤਾਂ ਇਨ੍ਹਾਂ ਦਲ ਬਦਲੀ ਕਰ ਕੇ ਆਏ ਲੀਡਰਾਂ ਦੀ ਬਦੌਲਤ ਸੰਭਵ ਹੈ ਜੋ ਹੁਣੇ-ਹੁਣੇ ਕੁਰਬਾਨੀ ਕਰ ਕੇ ਆਏ ਹਨ। ਲੋਕਾਂ ਲਈ ਪਾਰਟੀ ਤਕ ਛੱਡ ਆਏ ਹਨ। ਨਹੀਂ ਤੇ ਉਂਜ ਹਨੇਰਗਰਦੀ ਮੱਚ ਜਾਣੀ ਸੀ।
ਇਹ ਵੀ ਪੜ੍ਹੋ: Abohar News: ਜ਼ਿਆਦਾ ਸ਼ਰਾਬ ਪੀਣ ਕਾਰਨ ਵਿਅਕਤੀ ਦੀ ਮੌਤ, ਚਾਰ ਸਾਲ ਤੋਂ ਦਿਨ-ਰਾਤ ਪੀਂਦਾ ਸੀ ਸ਼ਰਾਬ
ਖ਼ੈਰ! ਵੋਟਾਂ ਤਾਂ ਪਹਿਲਾਂ ਵੀ ਹੁੰਦੀਆਂ ਆਈਆਂ ਹਨ ਅਤੇ ਅੱਗਿਉਂ ਵੀ ਹੋਣਗੀਆਂ ਪ੍ਰੰਤੂ ਅਜੋਕਾ ਦੌਰ ਜਿਹੜਾ ਤੇਜ਼ੀ ਨਾਲ ਇਧਰੋਂ-ਉਧਰ ਜਾਣ ਦਾ ਚਲਿਆ ਹੈ, ਇਸ ਬਾਰੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਇੰਝ ਵੀ ਹੋਵੇਗਾ। ਜਿੱਥੇ ਸਿਆਸੀ ਧਿਰਾਂ ਦੀ ਰੂਪ-ਰੇਖਾ ਦਿਸ਼ਾਹੀਣ ਅਤੇ ਵਿਚਾਰਧਾਰਾ ਅਰਥਹੀਣ ਐਨੀ ਬੌਣੀ ਪ੍ਰਤੀਤ ਹੋਣ ਲੱਗੇਗੀ ਉੱਥੇ ਲੀਡਰ ਜਾਂ ਰਾਜਸੀ ਲੀਡਰਸ਼ਿਪ ਮਹਿਜ਼ ਅਪਣਾ ਸਵਾਰਥ ਹੀ ਵੇਖਣਗੀਆਂ। ਜੇ ਇਧਰੋਂ ਨਹੀਂ ਤਾਂ ਚੱਲੋ ਉਧਰੋਂ ਹੀ ਸਹੀ। ਆਪਾਂ ਤਾਂ ਲੀਡਰ ਹੀ ਬਣ ਕੇ ਰਹਿਣਾ ਹੈ। ਨਾਲੇ ਜਿਨ੍ਹਾਂ ਨੂੰ ਰਾਜ ਸੱਤਾ ਭੋਗਣ ਦੀ ਆਦਤ ਪੈ ਜਾਵੇ ਫਿਰ ਉਨ੍ਹਾਂ ਨੂੰ ਭਖਦੇ ਮਸਲਿਆਂ ਬਾਰੇ ਚਿੰਤਾ ਅਤੇ ਭਵਿੱਖ ਦੀ ਫ਼ਿਕਰਮੰਦੀ ਨਹੀਂ ਰਹਿੰਦੀ। ਜੇ ਕੱੁਝ ਚਿੰਤਾ ਹੁੰਦੀ ਹੈ ਤਾਂ ਕੇਵਲ ਅਪਣੇ-ਆਪ ਦੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕਲ ਤਕ ਜਿਸ ਨੂੰ ਬੁਰਾ ਭਲਾ ਆਖਿਆ ਸੀ, ਉਸ ਦੀ ਚੰਗੀ ਆਦਤ ਜਾਂ ਗੱਲਾਂ ਦੀ ਵੀ ਅਪਣੇ ਸ਼ਬਦਾਂ ਵਿਚ ਨਿੰਦਾ ਕੀਤੀ ਸੀ, ਹੁਣ ਉਹੀ ਲੀਡਰ ਵਧੀਆ ਅਤੇ ਯੋਗ ਪ੍ਰਬੰਧ ਵਾਲੇ ਦਿਸਦੇ ਹਨ। ਵੋਟਰ ਭੋਲੇ-ਭਾਲੇ ਹੀ ਨਹੀਂ ਸਗੋਂ ਮਤਲਬ-ਪ੍ਰਸਤ ਤੇ ਮੌਕਾ-ਪ੍ਰਸਤ ਲੀਡਰਾਂ ਦੀਆਂ ਮੁੜ ਚਿਕਨੀਆਂ ਚੋਪੜੀਆਂ ਗੱਲਾਂ ਵਿਚ ਫਸ ਕੇ ਅਪਣਾ ਬਹੁ-ਕੀਮਤੀ ਵੋਟ ਇਨ੍ਹਾਂ ਨੂੰ ਪਾ ਦਿੰਦੇ ਹਨ। ਜਦੋਂ ਨਿਰਾਸ਼ਾ ਪੱਲੇ ਪੈਂਦੀ ਹੈ ਤਦ ਫਿਰ ਰੋਂਦੇ ਕੁਰਲਾਉਂਦੇ ਹੋਏ ਅਗਲੀਆਂ ਵੋਟਾਂ ਆਉਣ ਦੀ ਉਡੀਕ ਕਰਦੇ ਰਹਿੰਦੇ ਹਨ। ਜਿਹੜੇ ਸਿਆਸੀ ਆਕਾ ਦੇ ਪਿੱਛੇ ਸਭ ਕੁੱਝ ਲੁਟਾ ਕੇ/ਭੁਲਾ ਕੇ ਲੱਗੇ ਸੀ, ਉਸ ਦੀ ਸੈਟਿੰਗ ਜਾਂ ਸੱਤਾਧਾਰੀ ਪਾਰਟੀ ਨਾਲ ਹੋ ਜਾਂਦੀ ਹੈ ਜਾਂ ਫਿਰ ਅਪਣੀ ਮਾਂ ਪਾਰਟੀ ਵਿਚ ਘਰ ਵਾਪਸੀ ਹੋ ਜਾਂਦੀ ਹੈ। ਵੋਟਰ ਮੁੜ ਠਗਿਆ ਹੋਇਆ ਮਹਿਸੂਸ ਕਰਦਾ ਹੈ। ਕਿੰਨਾ ਰੌਚਿਕ ਅਤੇ ਦਿਲਚਸਪ ਉਕਤ ਵਰਤਾਰਾ ਹੈ ਕਿ ਲੀਡਰ ਭਾਵੇਂ ਕੁੱਝ ਵੀ ਕਰੇ ਜਾਂ ਪਾਰਟੀਆਂ ਬਦਲੇ ਪ੍ਰੰਤੂ ਸਭ ਨਿਯਮ/ਸ਼ਰਤਾਂ ਸਿਰਫ਼ ਪਾਰਟੀ ਵਰਕਰ ਉੱਤੇ ਲਾਗੂ ਹੁੰਦੀਆਂ ਹਨ। ਬੇਸ਼ਰਮੀ ਨਾਲ ਅਪਣੇ ਨਿੱਜੀ ਲਾਭ ਲਈ ਪਾਰਟੀ ਬਦਲਣ ਵਾਲੇ ਨੂੰ ਕੋਈ ਨਹੀਂ ਪੁਛਦਾ।
ਐਤਕੀ ਲੋਕ ਸਭਾ ਵੋਟਾਂ ਦੌਰਾਨ ਵੀ ਸਿਆਸੀ ਹਵਾ ਦਾ ਰੁਖ਼ ਵੇਖ ਕੇੇ ਕਈ ਪਾਰਟੀ ਬਦਲ ਗਏ ਹਨ ਅਤੇ ਕਈ ਉਮੀਦਵਾਰ ਬਣਨ ਲਈ ਦਲ ਬਦਲੀ ਕਰ ਗਏ ਹਨ। ਪ੍ਰੰਤੂ ਹਮਾਇਤੀ, ਵੋਟਰ/ਸਪੋਰਟਰਾਂ ਨੂੰ ਅਪਣੀ ਜਗੀਰ ਸਮਝਦੇ ਹੋਏ, ਉਨ੍ਹ ਦੀ ਰਾਏ ਜਾਣਨੀ ਜਾਂ ਲੈਣੀ ਵੀ ਮੁਨਾਸਬ ਨਹੀਂ ਸਮਝਦੇ। ਇੰਝ ਦਲ ਬਦਲੀਆਂ ਕਰਨ ਅਤੇ ਕਰਵਾਉਣ ਦਾ ਸਿਲਸਿਲਾ ਪੂਰੇ ਜੋਬਨ ’ਤੇ ਹੈ। ਲੋਕਾਂ ਦੇ ਮਸਲੇ, ਮੁਸ਼ਕਲਾਂ, ਮੁੱਦੇ ਜਿਉਂ ਦੇ ਤਿਉਂ ਖੜੇ ਹਨ। ਜਿਹੜੇ ਹੱਲ ਕਰਨੇ ਤਾਂ ਛੱਡੋ ਉਨ੍ਹਾਂ ਦੀ ਗੱਲ ਕਰਨੀ ਵੀ ਜਾਇਜ਼ ਨਹੀਂ ਸਮਝੀ ਜਾ ਰਹੀ। ਕਈਆਂ ਨੂੰ ਤਾਂ ਵੋਟਰਾਂ ਦੀਆਂ ਦਰਪੇਸ਼ ਔਕੜਾਂ ਬਾਰੇ ਵੀ ਗਿਆਨ ਨਹੀਂ। ਬਸ ਰਾਜਸੀ ਧਿਰਾਂ ਆਪੋ-ਅਪਣਾ ਦਾਅ ਲਾਉਣ ਵਿਚ ਮਸਰੂਫ਼ ਹਨ। ਬੜੇ ਚਿੰਤਤ ਹਨ ਕਿ ਸਾਡੀ ਪਾਰਟੀ ਦਾ ਲੀਡਰ ਪੱਟਿਆ, ਹੁਣ ਇਨ੍ਹਾਂ ਦੇ ਕਿੰਨੇ ਤੇ ਕਿੱਦਾਂ ਪਟਣੇ ਹਨ। ਸਾਨੂੰ ਕਿੰਨੀ ਸਭਿਅਕ, ਫ਼ਿਕਰਮੰਦ, ਚਿੰਤਤ ਅਤੇ ਲੋਕ-ਹਿਤੈਸ਼ੀ ਲੀਡਰਸ਼ਿਪ ਮਿਲੀ ਹੈ ਜੋ ਅਪਣੇ ਹੱਕ ਤੇ ਹਿੱਤ ਸੁਰੱਖਿਅਤ ਰੱਖਣ ਲਈ ਕੁੱਝ ਵੀ ਕਰ ਸਕਦੀ ਹੈ।
ਲੋੜ ਪੈਣ ਵੇਲੇ ਪਾਰਟੀ ਤਕ ਬਦਲ ਸਕਦੀ ਹੈ। ਫਿਰ ਕਹਿੰਦੀ ਹੈ, ਵਜਾਉ ਤਾਲੀ। ਹੁਣ ਤਾਂ ਲੋਕਾਂ ਨੂੰ ਸੋਚਣਾ ਪਵੇਗਾ ਕਿ ਉਨ੍ਹਾਂ ਨੇ ਅਪਣੀ ਸੂਝ-ਬੂਝ ਨਾਲ ਅਪਣਾ ਮਤਦਾਨ ਕਰਨਾ ਹੈ ਜਾਂ ਫਿਰ ਝੂਠੇ, ਫਰੇਬੀ, ਮੌਕਾਪ੍ਰਸਤ, ਮਤਲਬੀ ਦਲ ਬਦਲੂਆਂ ਦੀ ਅਗਵਾਈ ਹੇਠ ਚਲਣਾ ਹੈ ਜਿਹੜੇ ਅਪਣੀ ਚੌਧਰ, ਹੰਕਾਰ, ਕੁਰਸੀ, ਹੈਸੀਅਤ ਨੂੰ ਬਰਕਰਾਰ ਰੱਖਣ/ਅਪਣੇ ਸੌੜੇ ਹਿਤਾਂ ਖ਼ਾਤਰ ਮਨਮਰਜ਼ੀ ਦੇ ਫ਼ੈਸਲੇ ਲੈਂਦੇ ਹਨ। ਇਸ ਵਾਰ ਹੋਈਆਂ ਜਾਂ ਹੋ ਰਹੀਆਂ ਦਲ ਬਦਲੀਆਂ ਦਾ ਰੁਝਾਨ ਲੋਕ ਹਿੱਤ ਵਿਚ ਸਹੀ ਹੈ ਜਾਂ ਨਹੀਂ, ਸੂਝਵਾਨ ਤੇ ਸਭਿਅਕ ਵੋਟਰ ਜ਼ਰੂਰ ਤਸਦੀਕ ਕਰਨਗੇ। ਐਤਕੀਂ ਦਲ ਬਦਲੂਆਂ ਨੂੰ ਲੋਕ ਕੰਧ ’ਤੇ ਲਿਖਿਆ ਜ਼ਰੂਰ ਪੜ੍ਹਾਉਣਗੇ। ਉਕਤ ਸਬੰਧੀ ਮਰਹੂਮ ਸ਼ਾਇਰ ਰਾਹਤ ਇੰਦੌਰੀ ਸਾਹਿਬ ਵੀ ਸਿਆਸੀ ਇਮਾਨਦਾਰੀ ਦੀ ਗੱਲ ਕਰਦਿਆਂ ਆਖਦੇ ਹਨ ਕਿ :
‘‘ਬਨ ਏਕ ਹਾਦਸਾ, ਬਜ਼ਾਰ ਮੇਂ ਆ ਜਾਏਗਾ,
ਜੋ ਨਹੀਂ ਹੋਗਾ, ਵੋ ਅਖ਼ਬਾਰ ਮੇਂ ਆ ਜਾਏਗਾ।
ਚੋਰ, ਉਚੱਕੋਂ ਕੀ ਕਰੋ ਕਦਰ, ਕਿ ਮਾਲੂਮ ਨਹੀਂ,
ਕੌਨ, ਕਬ ਕੌਨ ਸੀ ਸਰਕਾਰ ਮੇਂ ਆ ਜਾਏਗਾ
ਨਈ ਦੁਕਾਨੋਂ ਕੇ ਚੱਕਰ ਸੇ ਨਿਕਲ ਜਾ,
ਵਰਨਾ ਗਰ (ਘਰ) ਕਾ ਸਮਾਨ ਵੀ,
ਬਜ਼ਾਰ ਮੇਂ ਆ ਜਾਏਗਾ।’’
ਆਮੀਨ!
ਹਰਬਿੰਦਰ ਸਿੰਘ ਰਾਣਾ
ਮੋ :98881-45991
(For more Punjabi news apart from Punjab Lok Sabha Election News in punjabi, stay tuned to Rozana Spokesman)