
ਜਿਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਰਿਕਾਰਡਤੋੜ ਜਿੱਤ ਹਾਸਿਲ ਕੀਤੀ ...
ਜ਼ੀਰਕਪੁਰ : ਜਿਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਰਿਕਾਰਡਤੋੜ ਜਿੱਤ ਹਾਸਿਲ ਕੀਤੀ ਸੀ, ਇਸੇ ਤਰਜ਼ 'ਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੀ ਕਾਂਗਰਸ ਹੂੰਝਾ ਫੇਰ ਜਿੱਤ ਦਰਜ ਕਰਵਾਏਗੀ। ਇਹ ਵਿਚਾਰ ਪਿਛਲੇ 11 ਸਾਲਾਂ ਤੋਂ ਲੋਕ ਸਭਾ ਹਲਕਾ ਪਟਿਆਲਾ 'ਚ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਦੀ ਅਗਵਾਈ 'ਚ ਕਾਂਗਰਸ ਪਾਰਟੀ ਲਈ ਸਿਪਾਹੀ ਦੀ ਭੂਮਿਕਾ ਨਿਭਾਅ ਰਹੇ ਪੰਜਾਬ ਸ਼ਿਕਾਇਤ ਨਿਵਾਰਨ ਸੈੱਲ ਦੇ ਚੇਅਰਮੈਨ ਐੱਸ. ਐੱਮ.ਐੱਸ. ਸੰਧੂ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਕੈਪਟਨ ਸਿੰਘ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਲੜੀਵਾਰ ਪੂਰਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਕੀਤਾ ਵਾਅਦਾ ਆਪਣੀ ਚਰਮ ਸੀਮਾ 'ਤੇ ਹੈ, ਜਦਕਿ ਅਕਾਲੀ ਦਲ - ਭਾਜਪਾ ਨੇ 10 ਸਾਲ ਰਾਜ ਕਰਕੇ ਕਿਸਾਨਾਂ ਨਾਲ ਧਰੋ ਹੀ ਕਮਾਇਆ। ਸੰਧੂ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਖ਼ਾਤਮੇ ਲਈ ਸਰਕਾਰੀ ਭਰਤੀ ਤੋਂ ਇਲਾਵਾ ਨਵੀਂ ਉਦਯੋਗਿਕ ਨੀਤੀ ਲਿਆਂਦੀ ਜਾ ਰਹੀ ਹੈ
ਅਤੇ ਬੰਦ ਪਏ ਉਦਯੋਗਾਂ ਨੂੰ ਮੁੜ ਚਲਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਿੱਖਿਆ ਖੇਤਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਲਈ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕ ਕੇ ਉਨ੍ਹਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਲੋਕ ਪੱਖੀ ਨੀਤੀਆਂ ਲਾਗੂ ਕਰਨ ਕਰਕੇ ਵਿਰੋਧੀ ਪਾਰਟੀਆਂ 'ਆਪ' ਅਤੇ ਅਕਾਲੀ ਦਲ - ਭਾਜਪਾ ਦਾ ਗ੍ਰਾਫ਼ ਦਿਨੋਂ ਦਿਨ ਨੀਵਾਣ ਵੱਲ ਜਾ ਰਿਹਾ ਹੈ।
ਸੰਧੂ ਨੇ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸੂਬੇ ਦੀ ਕਾਂਗਰਸ ਨੂੰ ਸੰਗਠਿਤ ਕਰਨ ਲਈ ਸਭ ਯਤਨਾਂ ਦੇ ਭਾਈਵਾਲ ਹਨ।, ਜਿਨ੍ਹਾਂ ਦੀ ਬਦੌਲਤ ਲੋਕ ਸਭਾ ਹਲਕਾ ਪਟਿਆਲਾ ਦੇ ਸਾਰੇ ਵਿਧਾਇਕ, ਆਗੂ ਤੇ ਵਰਕਰ ਮਹਾਰਾਣੀ ਪ੍ਰਨੀਤ ਕੌਰ ਨੂੰ ਰਿਕਾਰਡਤੋੜ ਲੀਡ ਨਾਲ ਜਿਤਾਉਣ ਲਈ ਤਤਪਰ ਹਨ।