
ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ
ਅੰਮ੍ਰਿਤਸਰ, 29 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਪਾਕਿਸਤਾਨ ਸਰਕਾਰ ਨੇ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ । ਕੋਵਿਡ-19 ਕਾਰਨ ਭਾਰਤ ਸਰਕਾਰ ਨੇ ਕਰਤਾਰਪੁਰ ਲਾਘੇ ਨੂੰ 16 ਮਾਰਚ ਤੋਂ ਬੰਦ ਕਰ ਦਿਤਾ ਸੀ ਜਿਸ ਕਾਰਨ ਪਾਕਿਸਾਤਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਜਾਣ 'ਤੇ ਰੋਕ ਲੱਗ ਗਈ ਸੀ। ਹੁਣ ਜਦੋਂ ਸਾਢੇ 3 ਮਹੀਨੇ ਬਾਅਦ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਹੈ ਤਾਂ ਭਾਰਤ ਦੀ ਕੇਂਦਰ ਸਰਕਾਰ ਨੂੰ ਵੀ ਇਸ ਲਾਂਘੇ ਨੂੰ ਸ਼ਰਧਾਲੂਆ ਲਈ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਲੰਬੇ ਸਮੇਂ ਤੋਂ ਨਾਨਕ ਨਾਮ ਲੇਵਾ ਸੰਗਤਾਂ ਦੇ ਦਰਸ਼ਨਾਂ ਦੀ ਤਾਂਘ ਪੂਰੀ ਹੋ ਸਕੇ।
File Photo
ਬਾਜਵਾ ਨੇ ਅੱਗੇ ਆਖਿਆ ਕਿ ਇਸ ਲਾਂਘੇ ਨੂੰ ਨਾ ਖੋਲ੍ਹਣ ਲਈ ਬਹੁਤ ਸਾਰੇ ਰਾਜਨੀਤਕ ਲੋਕ ਤੇ ਕੇਂਦਰੀ ਏਜੰਸੀਆਂ ਅੜਿਕੇ ਢਾਹੁੰਦੀਆਂ ਰਹੀਆਂ ਹਨ । ਪਰ ਜਦੋਂ ਦੋਵਾਂ ਹੀ ਸਰਕਾਰਾਂ ਨੇ ਇਸ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਤਾਂ ਇਹ ਸਾਰੇ ਲੋਕ ਬੁਖ਼ਲਾਹਟ ਵਿਚ ਇਸ ਲਾਂਘੇ ਨੂੰ ਬੰਦ ਕਰਵਾਉਣ ਲਈ ਕਈ ਤਰ੍ਹਾਂ ਦੇ ਬਿਆਨ ਦੇਂਦੇ ਰਹੇ ਹਨ। ਸਾਡੀ ਸੰਸਥਾ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਬੇਨਤੀ ਹੈ ਕਿ ਸੰਸਾਰ ਭਰ ਵਿਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਲਾਂਘੇ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਬਿਨਾਂ ਕਿਸੇ ਦੇਰੀ ਦੇ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।