ਹੋਮਿਉਪੈਥੀ ਦਾ ਬੁਰਜ ਅਤੇ ਲੋੜਵੰਦਾਂ ਦੇ ਮਸੀਹਾ ਸਨ ਡਾ. ਹਰਚੰਦ ਸਿੰਘ ਪੰਧੇਰ
Published : Jun 30, 2020, 10:03 am IST
Updated : Jun 30, 2020, 10:03 am IST
SHARE ARTICLE
Dr. Harchand Singh Pandher
Dr. Harchand Singh Pandher

ਆਮ ਤੌਰ ਉਤੇ ਜਨਮ ਤੋਂ ਮੌਤ ਤਕ ਦੇ ਸਫ਼ਰ ਨੂੰ ਜ਼ਿੰਦਗੀ ਜਾਂ ਜੀਵਨ ਦਾ ਨਾਮ ਦੇ ਦਿਤਾ ਜਾਂਦਾ ਹੈ ਪਰ ਅਸਲੋਂ

ਅਹਿਮਦਗੜ੍ਹ, 29 ਜੂਨ (ਰਾਮਜੀ ਦਾਸ ਚੌਹਾਨ): ਆਮ ਤੌਰ ਉਤੇ ਜਨਮ ਤੋਂ ਮੌਤ ਤਕ ਦੇ ਸਫ਼ਰ ਨੂੰ ਜ਼ਿੰਦਗੀ ਜਾਂ ਜੀਵਨ ਦਾ ਨਾਮ ਦੇ ਦਿਤਾ ਜਾਂਦਾ ਹੈ ਪਰ ਅਸਲੋਂ ਤੁਰਸ਼ੀਆਂ ਦੀ ਕੰਡਿਆਲੀ ਝਿੜੀ ਨੂੰ ਤਿੱਖੜ ਦੁਪਹਿਰਾਂ ਵਿਚ ਲੰਘਕੇ ਮੰਜ਼ਿਲਾਂ ਸਰ ਕਰਨ ਵਾਲੇ ਹੀ ਸ਼ਾਹ ਸਵਾਰ ਅਖਵਾਉਂਦੇ ਹਨ। ਵਹਿੰਦੇ ਪਾਣੀ ਤੋਂ ਉਲਟ ਤਾਰੀ ਲਗਾਉਣਾ ਅਤੇ ਜੁਗਨੂੰਆਂ ਦੀ ਲੋਅ ਵਿਚ ਪੜ੍ਹਨ ਲੱਗ ਜਾਣ ਦਾ ਹੁਨਰ ਵਿਰਲੇ ਟਾਅਵੇਂ ਲੋਕਾਂ ਦੇ ਹਿੱਸੇ ਆਉਂਦਾ ਹੈ, ਅਜਿਹਾ ਹੀ ਇਕ ਸੁਨਹਿਰੀ ਹਸਤਾਖਰ ਸੀ ਡਾ. ਹਰਚੰਦ ਸਿੰਘ ਪੰਧੇਰ। ਸੂਬੇਦਾਰ ਪ੍ਰਤਾਪ ਸਿੰਘ ਪੰਧੇਰ ਦੇ ਪੋਤਰੇ ਹਰਚੰਦ ਸਿੰਘ ਦਾ ਜਨਮ 7 ਅਕਤੂਬਰ 1938 ਨੂੰ ਮਾਤਾ ਜੁਗਿੰਦਰ ਕੌਰ ਦੀ ਕੁੱਖੋਂ ਸ. ਪ੍ਰੀਤਮ ਸਿੰਘ ਦੇ ਘਰ, ਮਿਥਨਪੁਰ (ਪਾਕਿਸਤਾਨ) ਵਿਚ ਹੋਇਆ।

ਫ਼ੌਜ ਵਿਚ ਚੋਟੀ ਦੇ ਨਿਸ਼ਾਨੇਬਾਜ ਹੋਣ ਕਰ ਕੇ ਸੂਬੇਦਾਰ ਪ੍ਰਤਾਪ ਸਿੰਘ ਨੂੰ ਮਿਥਨਪੁਰ ਵਿਖੇ ਮੁਰੱਬੇ ਅਲਾਟ ਹੋਏ ਸਨ। ਕੁਦਰਤਨ, ਦੇਸ਼ ਦੀ ਵੰਡ ਤੋਂ ਕੁਝ ਸਮਾਂ ਪਹਿਲਾਂ ਹੀ ਡਾ. ਪੰਧੇਰ ਅਪਣੀ ਮਾਤਾ ਨਾਲ ਤਹਿਸੀਲ ਮਾਲੇਰਕੋਟਲਾ ਵਿਚ ਅਪਣੇ ਜੱਦੀ ਪਿੰਡ ਐਹਨੋ ਮਿਲਣ ਲਈ ਆਏ ਅਤੇ 1947 ਦੇ ਹੱਲਿਆਂ ਕਾਰਨ ਇਧਰ ਹੀ ਰਹਿ ਗਏ।ਬਾਅਦ ਵਿਚ ਤਹਿਸੀਲ ਮਾਲੇਰਕੋਟਲਾ ਨੇੜਲੇ ਪਿੰਡ ਰੋਹੀੜਾ ਵਿਚ ਜ਼ਮੀਨ ਦੀ ਅਲਾਟਮੈਂਟ ਹੋਈ ਅਤੇ ਪਰਵਾਰ ਇੱਥੇ ਘੁੱਗ ਵਸਣ ਲੱਗਾ। ਡਾ. ਪੰਧੇਰ ਨੇ ਅਪਣੀ ਮੁਢਲੀ ਸਿਖਿਆ ਪਿੰਡ ਐਹਨ ਖੇੜੀ (ਐਹਨੋ) ਰੋਹੀੜਾ, ਅਕਬਰਪੁਰ ਛੰਨਾਂ ਤੋਂ ਹਾਸਲ ਕੀਤੀ

ਅਤੇ ਮੰਡੀ ਅਹਿਮਦਗੜ੍ਹ ਤੋਂ ਦਸਵੀਂ ਪਾਸ ਕੀਤੀ। ਉਨ੍ਹਾਂ ਗਿਆਨੀ ਅਤੇ ਇਲੈਕਟ੍ਰੀਕਲ ਦਾ ਡਿਪਲੋਮਾ ਵੀ ਕੀਤਾ ਅਤੇ ਫਿਰ 1957 ਵਿਚ ਏਅਰ ਫ਼ੋਰਸ ਵਿਚ ਬਤੌਰ ਟੈਕਨੀਸ਼ੀਅਨ (ਮਿੱਗ 21) ਭਰਤੀ ਹੋ ਗਏ। ਪਰਵਾਰ ਅਤੇ ਲਖਵੀਰ ਸਿੰਘ ਲਤਾਲਾ ਅਨੁਸਾਰ ਫ਼ੌਜ ਦੌਰਾਨ ਹੀ ਇਕ ਵਾਰ ਉਨ੍ਹਾਂ ਨੂੰ ਗਰਦਨ ਦੇ ਦਰਦ ਦੀ ਸਮੱਸਿਆ ਹੋ ਗਈ। ਜੋ ਕਾਫ਼ੀ ਇਲਾਜ ਕਰਵਾਉਣ ਉਪਰੰਤ ਵੀ ਠੀਕ ਨਾ ਹੋਈ। ਇਸੇ ਦੌਰਾਨ ਉਨ੍ਹਾਂ ਨੇ ਏਅਰ ਫ਼ੋਰਸ ਵਿਚ ਸ਼ੌਕੀਆ ਹੋਮਿਉਪੈਥਿਕ ਪ੍ਰੈਕਟਿਸ ਕਰਨ ਵਾਲੇ ਇਕ ਸਖ਼ਸ਼ ਤੋਂ ਦਵਾਈ ਲਈ ਅਤੇ ਝੱਟ ਪੱਟ ਠੀਕ ਹੋ ਗਏ।

ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਹੋਮਿਉਪੈਥੀ ਪ੍ਰਤੀ ਚੇਟਕ ਅਤੇ ਭਰੋਸਾ ਬੱਝਣਾ ਸ਼ੁਰੂ ਹੋਇਆ। ਫਿਰ ਉਹ ਹੋਮਿਉਪੈਥੀ ਸਬੰਧੀ ਕਿਤਾਬਾਂ ਪੜ੍ਹਣ ਵਿਚ ਜੁੱਟ ਗਏ। ਏਅਰ ਫ਼ੋਰਸ ਵਿਚ 17 ਸਾਲ ਦੀ ਸੇਵਾ ਨਿਭਾਉਣ ਪਿੱਛੋਂ ਉਨ੍ਹਾਂ ਨੇ 1976 ਵਿਚ ਰਜਿਸਟਰਡ ਹੋਮਿਉਪੈਥਿਕ ਪ੍ਰੈਕਟੀਸ਼ਨਰ ਵਜੋਂ ਮੰਡੀ ਅਹਿਮਦਗੜ੍ਹ ਵਿਖੇ ਲੋਕਾਂ ਦਾ ਇਲਾਜ ਕਰਨ ਅਤੇ ਹੋਮਿਉਪੈਥੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਬੀੜਾ ਚੁੱਕ ਲਿਆ।ਸਵੈ ਭਰੋਸੇ ਨਾਲ ਗੜੁੱਚ ਤੇ ਸੁਹਿਰਦਤਾ ਵਿਚ ਪਰੁੰਨੇ ਡਾ. ਹਰਚੰਦ ਪੰਧੇਰ ਜਿੱਥੇ ਤਰਕਸ਼ੀਲਤਾ ਦਾ ਪੱਲਾ ਨਹੀਂ ਸਨ ਛੱਡਦੇ ਉੱਥੇ ਹੀ ਲੋੜਵੰਦਾਂ ਦੀ ਮਦਦ ਕਰਨਾ ਵੀ ਅਪਣਾ ਪਰਮ ਧਰਮ ਸਮਝਦੇ ਸਨ।

File PhotoFile Photo

ਇਸ ਗੱਲ ਦਾ ਪਤਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਅਪਣੇ ਪਿੰਡ ਰੋਹੀੜਾ, ਦੋਸਤਾਂ ਮਿੱਤਰਾਂ ਦੇ ਪਰਵਾਰਾਂ ਤੇ ਹੋਰ ਬਹੁਤ ਸਾਰੇ ਲੋੜਵੰਦਾਂ ਨੂੰ ਲਗਭਗ 46 ਸਾਲ ਲਗਤਾਰ ਮੁਫ਼ਤ ਦਵਾਈ ਦਿਤੀ। ਇਸ ਤੋਂ ਇਲਾਵਾ ਗ਼ਰੀਬ ਬੱਚੇ-ਬੱਚੀਆਂ ਦੀ ਪੜ੍ਹਾਈ ਵਿਚ ਸਹਾਇਤਾ, ਕਈ ਯਤੀਮਖ਼ਾਨਿਆਂ ਵਿਚ ਗੁਪਤ ਰੂਪ ਵਿਚ ਚੰਦਾ ਦੇਣਾ ਅਤੇ ਹੋਰ ਸਮਾਜਕ ਕੰਮਾਂ ਵਿਚ ਨਿਰੰਤਰ ਯਤਨਸ਼ੀਲ ਰਹਿਣਾ ਵੀ ਡਾਕਟਰ ਸਾਹਿਬ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਸੀ।

ਉਨ੍ਹਾਂ ਦੀ ਪ੍ਰੇਰਣਾ ਸਦਕਾ ਉਨ੍ਹਾਂ ਦਾ ਸਪੁੱਤਰ ਡਾ. ਦਵਿੰਦਰ ਦੀਪ ਸਿੰਘ ਅਤੇ ਨੂੰਹ ਡਾ. ਹਰਿੰਦਰ ਕੌਰ ਸਰੀ ਅਤੇ ਐਬਸਫੋਰਡ ਬੀਸੀ (ਕੈਨੇਡਾ) ਵਿਚ ਹੋਮਿਉਪੈਥੀ ਦਾ ਬੂਟਾ ਹੋਰ ਸੰਘਣਾ ਕਰ ਰਹੇ ਹਨ ਜਦਕਿ ਕੈਨੇਡਾ ਵਿਚ ਹੀ ਸਥਾਪਤ ਯਾਦਵਿੰਦਰ ਕੌਰ (ਸਪੁੱਤਰੀ) ਵੀ ਅਪਣੇ ਪਿਤਾ ਦੇ ਨਕਸ਼ ਏ ਕਦਮ ਉਤੇ ਸੁਹਿਰਦਤਾ ਨਾਲ ਚਲਣ ਲਈ ਯਤਨਸ਼ੀਲ ਹੈ।
 

ਅਪਣੇ ਸਿਰੜ, ਆਤਮ ਵਿਸ਼ਵਾਸ ਤੇ ਮਿਹਨਤ ਸਕਦਾ ਨਵੀਆਂ ਲੀਹਾਂ ਪਾਉਣ ਵਾਲੇ ਅਤੇ ਸਭਨਾਂ ਦੇ ਦਿਲਾਂ ਉਤੇ ਯਾਦਾਂ ਦੀਆਂ ਅਮਿੱਟ ਪੈੜਾਂ ਛੱਡ ਜਾਣ ਵਾਲੇ ਡਾ. ਪੰਧੇਰ 21 ਜੂਨ 2020 ਨੂੰ ਇਕ ਸੰਖੇਪ ਜਿਹੀ ਬਿਮਾਰੀ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਜਿਸਮਾਨੀ ਤੌਰ ਉਤੇ ਉਹ ਭਾਵੇਂ ਹੁਣ ਸਾਡੇ ਦਰਮਿਆਨ ਮੌਜੂਦ ਨਹੀਂ ਹਨ ਪਰ ਉਨ੍ਹਾਂ ਵਲੋਂ ਪਾਏ ਪੂਰਨੇ ਅਤੇ ਲਾਸਾਨੀ ਤਜਰਬੇ ਸਭਨਾਂ ਲਈ ਪ੍ਰੇਰਣਾ ਦਾ ਅਣਮਿੱਥਿਆ ਸਰਮਾਇਆ  ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement