
ਕੈਪਟਨ ਨੇ ਪੰਜਾਬ ਵਿਚ ਕੋਵਿਡ ਪਾਬੰਦੀਆਂ 10 ਜੁਲਾਈ ਤਕ ਵਧਾਈਆਂ
ਬਾਰ, ਪੱਬ ਅਤੇ ਅਹਾਤੇ 50 ਫ਼ੀ ਸਦੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ
ਚੰਡੀਗੜ੍ਹ, 29 ਜੂਨ (ਭੁੱਲਰ): ਡੈਲਟਾ ਪਲੱਸ ਦੇ ਕੇਸ ਸਾਹਮਣੇ ਆਉਣ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸਬੰਧੀ ਰੋਕਾਂ ਵਿਚ 10 ਜੁਲਾਈ ਤਕ ਵਾਧਾ ਕਰਨ ਦੇ ਹੁਕਮ ਦਿਤੇ ਹਨ | ਇਸ ਨਾਲ ਹੀ ਬਾਰ, ਪੱਬ ਅਤੇ ਅਹਾਤੇ 50 ਫ਼ੀ ਸਦੀ ਸਮਰੱਥਾ ਨਾਲ ਇਕ ਜੁਲਾਈ ਤੋਂ ਖੋਲ੍ਹਣ ਦੀ ਆਗਿਆ ਦੇਣ ਸਮੇਤ ਕੁੱਝ ਹੋਰ ਢਿੱਲ ਵੀ ਦਿਤੀ ਹੈ |
ਹੁਨਰ ਵਿਕਾਸ ਕੇਂਦਰਾਂ ਅਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਵੀ ਇਜਾਜ਼ਤ ਦਿਤੀ ਗਈ ਹੈ ਜੋ ਸਟਾਫ਼ ਅਤੇ ਵਿਦਿਆਰਥੀਆਂ ਨੂੰ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਲੱਗੀ ਹੋਣ ਦੀ ਸ਼ਰਤ ਉਤੇ ਆਧਾਰਤ ਹੈ | ਇਸੇ ਤਰ੍ਹਾਂ ਆਈਲੈਟਸ ਕੋਚਿੰਗ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ ਪਹਿਲਾਂ ਹੀ ਦਿਤੀ ਜਾ ਚੁਕੀ ਹੈ ਪਰ ਇਸ ਲਈ ਵੀ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਲੱਗੀ ਹੋਣ ਦੀ ਸ਼ਰਤ ਉਤੇ ਆਧਾਰਤ ਹੈ | ਕੋਵਿਡ ਦੀ ਸਮੀਖਿਆ ਕਰਨ ਲਈ ਉਚ ਪਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੋਵਿਡ ਪਾਬੰਦੀਆਂ ਵਿਚ ਦਿਤੀਆਂ ਛੋਟਾਂ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬਾਰ, ਪੱਬ ਅਤੇ ਅਹਾਤਿਆਂ ਨੂੰ ਸਮਾਜਕ ਦੂਰੀ ਦੇ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ ਅਤੇ ਵੇਟਰਾਂ ਅਤੇ ਹੋਰ ਸਬੰਧਤ ਮੁਲਾਜ਼ਮਾਂ ਨੂੰ ਕੋਵਿਡ ਦੀ ਘੱਟੋ-ਘੱਟ ਇਕ ਖ਼ੁਰਾਕ ਲੱਗੀ ਹੋਣੀ ਚਾਹੀਦੀ ਹੈ | ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼ਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਮਾਲਕਾਂ ਦੀ ਜ਼ਿੰਮੇਵਾਰੀ ਹੋਵੇਗੀ |
ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਪੱਧਰ ਦੀ ਗ਼ੈਰ-ਲਾਭ ਵਾਲੀ ਸੰਸਥਾ 'ਪਾਥ' ਦੇ ਸਹਿਯੋਗ ਨਾਲ ਪਟਿਆਲਾ ਵਿਖੇ ਜੀਨੋਮ ਸੀਕੁਐਂਸ ਲੈਬ ਦੀ ਸਥਾਪਨਾ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿਤੇ ਹਨ ਤਾਕਿ ਜੁਲਾਈ ਤਕ ਇਸ ਨੂੰ ਕਾਰਜਸ਼ੀਲ ਬਣਾਇਆ ਜਾ ਸਕੇ | ਉਨ੍ਹਾਂ ਨੇ ਭੂਗੋਲਿਕ ਸੀਮਾਵਾਂ ਵਿਚ ਕਲੱਸਟਰਾਂ, ਸੰਸਥਾਗਤ ਜਾਂ ਵਾਇਰਸ ਦੇ ਫੈਲਾਅ ਵਾਲੀ ਘਟਨਾ ਵਾਲੇ ਇਲਾਕੇ ਵਿਚ ਸਾਹਮਣੇ ਆਏ ਕੇਸਾਂ ਦਾ ਸੁਭਾਅ ਜਾਣਨ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿਤੇ ਹਨ ਤਾਕਿ ਕੋਰਨਾ ਦੀ ਸੰਭਾਵੀ ਤੀਜੀ ਲਹਿਰ ਦੇ ਫੈਲਾਅ ਨੂੰ ਰੋਕਿਆ ਜਾ ਸਕੇ |