
ਸਿੱਖ ਲੜਕੀਆਂ ਨੂੰ ਜਬਰੀ ਮੁਸਲਮਾਨ ਬਣਾਉਣ ਦੀ ਘਟਨਾ ਤੋਂ ਭੜਕੇ ਸਿੱਖ
ਸ਼ਾਹਬਾਦ ਮਾਰਕੰਡਾ, 29 ਜੂਨ (ਅਵਤਾਰ ਸਿੰਘ): ਸ੍ਰੀਨਗਰ ਵਿਚ 2 ਸਿੱਖ ਲੜਕੀਆਂ ਨੂੰ ਅਗ਼ਵਾ ਕਰ ਕੇ ਜਬਰੀ ਮੁਸਲਮਾਨ ਬਣਾਉਣ ਦੀ ਘਟਨਾ ਨਾਲ ਦੇਸ਼-ਵਿਦੇਸ਼ ਵਿਚ ਵਸਣ ਵਾਲੇ ਸਿੱਖਾਂ ਵਿਚ ਭਾਰੀ ਰੋਸ ਹੈ | ਸਿੱਖਾਂ ਨੇ ਰਾਸ਼ਟਰਪਤੀ ਦੇ ਨਾਮ ਇਕ ਮੈਮੋਰੰਡਮ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਰਾਹੀਂ ਭੇਜ ਕੇ ਮੰਗ ਕੀਤੀ ਹੈ ਕਿ ਮਾਮਲੇ ਦੇ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰ ਕੇ ਸਖ਼ਤ ਸਜ਼ਾ ਦਿਤੀ ਜਾਵੇ ਤਾਕਿ ਭਵਿੱਖ ਵਿਚ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰ ਸਕੇ | ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੀਏਸੀ ਮੈਂਬਰ ਅਤੇ ਪ੍ਰਦੇਸ਼ ਪ੍ਰਵਕਤਾ ਕੰਵਲਜੀਤ ਸਿੰਘ ਅਜਰਾਨਾ ਦੀ ਪ੍ਰਧਾਨਗੀ ਵਿਚ ਸਿੱਖਾਂ ਦੀ ਇਕ ਬੈਠਕ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਚ ਹੋਈ ਜਿਸ ਵਿਚ ਸਰਬਸੰਮਤੀ ਨਾਲ ਦੋ ਸਿੱਖ ਲੜਕੀਆਂ ਨਾਲ ਹੋਈ ਜ਼ਿਆਦਤੀ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਬੈਠਕ ਵਿਚ ਕੰਵਲਜੀਤ ਸਿੰਘ ਅਜਰਾਨਾ ਨੇ ਕਿਹਾ ਕਿ ਸ੍ਰੀਨਗਰ ਵਿਚ ਰਾਸ਼ਟਰਪਤੀ ਰਾਜ ਲਾਗੂ ਹੈ ਇਸ ਦੇ ਬਾਵਜੂਦ ਉੱਥੇ ਅਜਿਹੀ ਘਟਨਾ ਵਪਾਰੀ ਹੈ | ਉਨ੍ਹਾਂ ਕਿਹਾ ਜੇਕਰ ਜਲਦੀ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਸਖ਼ਤ ਸਜ਼ਾ ਨਾ ਦਿਤੀ ਗਈ, ਤਾਂ ਸਿੱਖ ਸੜਕਾਂ ਉਤੇ ਉਤਰਨ ਲਈ ਮਜਬੂਰ ਹੋਣਗੇ | ਇਸ ਮੌਕੇ ਐੇਸਜੀਪੀਸੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਜਿੰਦਰਪਾਲ ਸਿੰਘ ਢਿੱਲੋਂ, ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼ਾਹਬਾਦ ਦੇ ਸਾਬਕਾ ਮੈਂਬਰ ਜਰਨੈਲ ਸਿੰਘ ਅਜਰਾਨਾ, ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਦੇ ਮੈਨੇਜਰ ਅਮਰਿੰਦਰ ਸਿੰਘ ਧੰਤੌੜੀ, ਸਾਬਕਾ ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ, ਗੁਰਮੀਤ ਸਿੰਘ ਬੁੱਟਰ, ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਸ਼ਹਿਰੀ ਪ੍ਰਧਾਨ ਤਜਿੰਦਰ ਸਿੰਘ ਮੱਕੜ ਆਦਿ ਸਮੇਤ ਸੰਗਤ ਮੌਜੂਦ ਰਹੀ |
ਫੋਟੋ
ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਚ ਰੋਸ ਵਿਅਕਤ ਕਰਦੇ ਕੰਵਲਜੀਤ ਸਿੰਘ ਅਜਰਾਨਾ ਅਤੇ ਸਿੱਖ ਸੰਗਤ |