
ਅੰਮ੍ਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਪੱਤਰ ਨੂੰ ਫਰਜ਼ੀ ਦੱਸਿਆ ਗਿਆ ਹੈ
Amritpal Singh News : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਅੰਮ੍ਰਿਤਪਾਲ ਨੇ ਅਜੇ ਤੱਕ ਸਾਂਸਦ ਵਜੋਂ ਸਹੁੰ ਨਹੀਂ ਚੁੱਕੀ। ਇਸ ਨੂੰ ਲੈ ਕੇ ਇੱਕ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਪੱਤਰ ਵਿੱਚ ਅੰਮ੍ਰਿਤਪਾਲ ਦਾ ਨਾਂ ਲਿਖਿਆ ਹੋਇਆ ਹੈ ਅਤੇ ਸਹੁੰ ਚੁੱਕਣ ਲਈ ਲੋਕ ਸਭਾ ਸਪੀਕਰ ਤੋਂ ਸਮਾਂ ਮੰਗਿਆ ਜਾ ਰਿਹਾ ਹੈ ਪਰ ਅੰਮ੍ਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਪੱਤਰ ਨੂੰ ਫਰਜ਼ੀ ਦੱਸਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਅੱਜ ਸਵੇਰੇ ਉਕਤ ਪੱਤਰ ਸਬੰਧੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਲਿਖਿਆ ਕਿ ਅੰਮ੍ਰਿਤਪਾਲ ਸਿੰਘ ਦੇ ਨਾਂ 'ਤੇ ਇੱਕ ਫਰਜ਼ੀ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਆ ਰਿਹਾ ਹੈ।ਜਿਸ ਵਿੱਚ ਸਪੀਕਰ ਨੂੰ ਬੇਨਤੀ ਕੀਤੀ ਗਈ ਹੈ ਕਿ ਅੰਮ੍ਰਿਤਪਾਲ ਨੂੰ ਦਿੱਲੀ ਲਿਆ ਕੇ ਸਹੁੰ ਚੁਕਾਈ ਜਾਵੇ।
ਉਨ੍ਹਾਂ ਲਿਖਿਆ ਕਿ ਸਿੱਖ ਸੰਗਤਾਂ ਨੂੰ ਇਸ ਝੂਠ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਵੱਲੋਂ ਅਜਿਹਾ ਕੋਈ ਵੀ ਪੱਤਰ ਅੰਮ੍ਰਿਤਪਾਲ ਸਿੰਘ ਵੱਲੋਂ ਕਿਸੇ ਨੂੰ ਨਹੀ ਲਿਖਿਆ ਗਿਆ। ਇਹ ਝੂਠਾ ਪੱਤਰ ਵੀ ਪਿਛਲੇ ਡੇਢ ਸਾਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਕਿਰਦਾਰ ਨੂੰ ਢਾਹ ਲਾਓਣ ਦੇ ਮਾੜੇ ਇਰਾਦਿਆਂ ਦੀ ਅਗਲੀ ਕੜੀ ਹੈ। ਸਮਾਂ ਆਓਣ ਤੇ ਅਜਿਹੀਆਂ ਮਾੜੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਮ ਸਿੱਖ ਸੰਗਤ ਸਾਹਮਣੇ ਰੱਖੇ ਜਾਣਗੇ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਭਾਰੀ ਬਹੁਮਤ ਨਾਲ ਚੋਣ ਜਿੱਤੇ ਸਨ ਪਰ ਅੰਮ੍ਰਿਤਪਾਲ ਮੰਗਲਵਾਰ ਨੂੰ ਸੰਸਦ 'ਚ ਸਹੁੰ ਨਹੀਂ ਚੁੱਕ ਸਕੇ ਸਨ। ਸੰਸਦ ਵਿੱਚ ਅੰਮ੍ਰਿਤਪਾਲ ਦਾ ਨਾਂ ਪੁਕਾਰਿਆ ਗਿਆ ਪਰ ਉਹ ਉਥੇ ਮੌਜੂਦ ਨਹੀਂ ਸੀ। 23 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਅੰਮ੍ਰਿਤਪਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਅੰਮ੍ਰਿਤਪਾਲ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਇਆ ਗਿਆ ਹੈ। ਅੰਮ੍ਰਿਤਪਾਲ ਨੂੰ ਚੋਣ ਪ੍ਰਚਾਰ ਕਰਨ ਲਈ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਮਿਲੀ, ਫਿਰ ਵੀ ਉਸ ਨੂੰ 4 ਲੱਖ ਤੋਂ ਵੱਧ ਵੋਟਾਂ ਮਿਲੀਆਂ।