
ਪੰਜਾਬ ਦੇ ਜ਼ਿਆਦਾਤਰ ਸ਼ਹਿਰੀ ਇਲਾਕਿਆਂ ਦੇ ਨਾਲ ਲਗਦੇ ਦਿਹਾਤੀ ਖੇਤਰਾਂ 'ਚ ਪਿਛਲੇ 25 ਕੁ ਸਾਲਾਂ 'ਚ ਪ੍ਰਾਈਵੇਟ ਬਿਲਡਰਾਂ ਵਲੋਂ ਉਸਾਰੀਆਂ ਗਈਆਂ ਗ਼ੈਰ-ਕਾਨੂੰਨੀ...
ਚੰਡੀਗੜ੍ਹ, ਪੰਜਾਬ ਦੇ ਜ਼ਿਆਦਾਤਰ ਸ਼ਹਿਰੀ ਇਲਾਕਿਆਂ ਦੇ ਨਾਲ ਲਗਦੇ ਦਿਹਾਤੀ ਖੇਤਰਾਂ 'ਚ ਪਿਛਲੇ 25 ਕੁ ਸਾਲਾਂ 'ਚ ਪ੍ਰਾਈਵੇਟ ਬਿਲਡਰਾਂ ਵਲੋਂ ਉਸਾਰੀਆਂ ਗਈਆਂ ਗ਼ੈਰ-ਕਾਨੂੰਨੀ ਕਾਲੋਨੀਆਂ ਦਾ ਮੁੱਦਾ ਭਲਕੇ ਦੀ ਮੰਤਰੀ ਮੰਡਲ ਦੀ ਬੈਠਕ 'ਚ ਵਿਚਾਰਿਆ ਜਾਣਾ ਹੈ।ਸਿਵਲ ਸਕੱਤਰੇਤ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਸੋਮਵਾਰ (30 ਜੁਲਾਈ) ਬਾਅਦ ਦੁਪਹਿਰ 3 ਵਜੇ ਹੋਣ ਵਾਲੀ
ਇਸ ਅਹਿਮ ਬੈਠਕ 'ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ 6000 ਤੋਂ ਵੱਧ ਇਨ੍ਹਾਂ ਗ਼ੈਰ-ਕਾਨੂੰਨੀ ਕਾਲੋਨੀਆਂ ਬਾਰੇ ਤਿਆਰ ਕੀਤੀ ਰੀਪੋਰਟ 'ਤੇ ਚਰਚਾ ਹੋਵੇਗੀ ਅਤੇ ਇਨ੍ਹਾਂ ਨੂੰ ਰੈਗੂਲਰ ਕਰਨ ਦੀਆਂ ਸ਼ਰਤਾਂ 'ਤੇ ਵੀ ਵਿਚਾਰ ਹੋਵੇਗਾ।ਸਰਕਾਰ ਸਾਹਮਣੇ ਵੱਡਾ ਮਸਲਾ ਇਹ ਹੈ ਕਿ ਇਨ੍ਹਾਂ ਪ੍ਰਾਈਵੇਟ ਉਸਾਰੀਆਂ 'ਚ ਹਜ਼ਾਰਾਂ-ਕਰੋੜਾਂ ਦਾ ਪੂੰਜੀ ਨਿਵੇਸ਼ ਹੋ ਚੁਕਿਆ ਹੈ।
ਪਿਛਲੇ 8 ਸਾਲਾਂ 'ਚ ਉਸਾਰੀ ਵਿਚ ਖੜੋਤ ਆ ਚੁਕੀ ਹੈ, ਫ਼ਲੈਟਾਂ ਦੀਆਂ ਕੀਮਤਾਂ ਹੇਠਾਂ ਆ ਚੁਕੀਆਂ ਹਨ, ਖ਼ਰੀਦਦਾਰ ਘੱਟ ਗਏ ਹਨ। ਸੀਵਰੇਜ਼ ਦਾ ਪ੍ਰਬੰਧ ਨਾ ਹੋਣ ਕਰ ਕੇ ਇਨ੍ਹਾਂ ਕਾਲੋਨੀਆਂ 'ਚ ਵਸਦੇ ਲੋਕਾਂ ਨੂੰ ਆਵਾਜਾਈ, ਸਿਖਿਆ, ਸਿਹਤ ਸਬੰਧੀ ਜ਼ਰੂਰੀ ਲੋੜਾਂ ਤੋਂ ਵੀ ਲਾਂਭੇ ਰਖਿਆ ਜਾ ਰਿਹਾ ਹੈ। ਕਈ ਖ਼ਰੀਦਦਾਰਾਂ ਨੂੰ ਤਾਂ ਧੋਖਾਧੜੀ ਦਾ ਵੀ ਸ਼ਿਕਾਰ ਹੋਣਾ ਪਿਆ ਹੈ।
Tript Rajinder Singh Bajwa
ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਬਣਾਏ 'ਰੇਰਾ' ਭਾਵ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਤਹਿਤ ਪੰਜਾਬ ਨੂੰ ਵੀ ਅਪਣੀ ਵਖਰੀ ਅਥਾਰਟੀ ਬਣਾਉਣੀ ਪੈਣੀ ਹੈ, ਜੋ ਪਲਾਟਾਂ, ਫ਼ਲੈਟਾਂ ਅਤੇ ਹੋਰ ਉਸਾਰੀਆਂ ਨੂੰ ਰੈਗੁਲੇਟ ਕਰੇ। ਖਦਸ਼ਾ ਹੈ ਕਿ ਇਸ ਬਾਰੇ ਰੀਪੋਰਟ 'ਤੇ ਮੰਤਰੀ ਮੰਡਲ 'ਚ ਕਾਲੋਨੀਆਂ ਦੇ ਮਾਲਕਾਂ ਤੇ ਫ਼ਲੈਟ ਮਾਲਕਾਂ ਉਤੇ ਕਰੋੜਾਂ ਦਾ ਭਾਰ ਪਾਉਣ 'ਤੇ ਗਰਮਾ-ਗਰਮਾ ਹੋਵੇਗੀ,
ਕਿਉਂਕਿ ਸਰਕਾਰ ਨੇ ਪ੍ਰਤੀ ਪਲਾਟ, ਪ੍ਰਤੀ ਫ਼ਲੈਟ ਜ਼ਮੀਨ ਦੀ ਫੁੱਟਾਂ 'ਚ ਮਿਣਤੀ ਤੇ ਮੁਤਾਬਕ ਫ਼ੀਸ ਤੈਅ ਕਰਨੀ ਹੈ। ਸਰਕਾਰ ਦੀ ਸੋਚ ਹੈ ਕਿ ਇਨ੍ਹਾਂ ਕਾਲੋਨੀਆਂ ਤਕ ਸੜਕਾਂ, ਸੀਵਰੇਜ ਤੇ ਹੋਰ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਚੋਖੀ ਰਕਮ ਪ੍ਰਾਪਤ ਕਰ ਕੇ ਮਾਲੀਆ ਵਧਾਇਆ ਜਾਵੇਗਾ।ਮੰਤਰੀ ਮੰਡਲ 'ਚ ਵਿਚਾਰਿਆ ਜਾਣ ਵਾਲਾ ਦੂਜਾ ਵੱਡਾ ਮੁੱਦਾ ਫ਼ਿਰੋਜ਼ਪੁਰ 'ਚ ਪੀ.ਜੀ.ਆਈ. ਪੱਧਰ ਦਾ ਸੈਂਟਰ ਉਸਾਰਨ ਦਾ ਹੈ, ਜਿਸ ਸਬੰਧੀ ਚਾਰ ਸਾਲ ਪਹਿਲਾਂ ਕੇਂਦਰ ਨੇ ਹਾਮੀ ਭਰੀ ਸੀ,
ਪਰ ਹੁਣ ਤਕ ਪੰਜਾਬ ਨੇ ਲੋੜੀਂਦੀ ਜ਼ਮੀਨ ਕੇਂਦਰ ਦੇ ਨਾਮ ਤਬਦੀਲ ਨਹੀਂ ਕੀਤੀ। ਉਸ ਬਾਰੇ ਫ਼ੈਸਲਾ ਲਿਆ ਜਾਵੇਗਾ। ਇਸ ਸਿਹਤ ਕੇਂਦਰ ਦੇ ਬਣਨ ਨਾਲ ਫ਼ਿਰੋਜ਼ਪੁਰ, ਫ਼ਾਜਿਲਕਾ ਦੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਸਿਹਤ ਸੇਵਾਵਾਂ 'ਚ ਸਹੂਲਤ ਮਿਲੇਗੀ।ਸਿਖਿਆ ਨਾਲ ਸਬੰਧਤ ਏਜੰਡੇ 'ਚ ਭਲਕੇ ਦੀ ਬੈਠਕ ਵਿਚ ਮੋਹਾਲੀ ਜ਼ਿਲ੍ਹੇ 'ਚ ਦੂਜੀ ਵਿਸ਼ਵ ਪਧਰੀ ਯੂਨੀਵਰਸਟੀ ਨਿੱਜੀ ਖੇਤਰ 'ਚ ਉਸਾਰਨ ਬਾਰੇ ਵਿਚਾ ਕੀਤਾ ਜਾਣਾ ਹੈ।
ਵਿਸ਼ਵ ਪਧਰੀ ਪਹਿਲੀ ਗੁਰੂ ਗ੍ਰੰਥ ਸਾਹਿਤ ਸਿੱਖ ਅਧਿਐਨ ਯੂਨੀਵਰਸਟੀ ਪਹਿਲਾਂ ਹੀ ਫ਼ਤਿਹਗੜ੍ਹ ਸਾਹਿਬ 'ਚ ਉਸਾਰੀ ਅਧੀਨ ਹੈ। ਇਹ ਵੀ ਚਰਚਾ ਹੈ ਕਿ ਭਲਕੇ ਦੀ ਮੰਤਰੀ ਮੰਡਲ ਬੈਠਕ 'ਚ ਇਕ ਵਾਰ ਫਿਰ ਨਸ਼ਿਆਂ ਦੇ ਮੁੱਦੇ 'ਤੇ ਬਹਿਸ ਹੋ ਸਕਦੀ ਹੈ ਅਤੇ ਇਸ ਨਾਲ ਜੁੜੇ ਕਈ ਹੋਰ ਨੁਕਤੇ ਵੀ ਵਿਚਾਰੇ ਜਾ ਸਕਦੇ ਹਨ।