
ਅੱਜ ਅੰਮ੍ਰਿਤਸਰ ਦੇ ਮਸ਼ਹੂਰ ਅਮਨਦੀਪ ਹਸਪਤਾਲ ਵਿਖੇ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਜਿਥੇ ਇਕ ਡਾਕਟਰ ਨੇ ਇਲਾਜ ਕਰਵਾਉਣ ਆਈ...
ਅੰਮ੍ਰਿਤਸਰ, ਅੱਜ ਅੰਮ੍ਰਿਤਸਰ ਦੇ ਮਸ਼ਹੂਰ ਅਮਨਦੀਪ ਹਸਪਤਾਲ ਵਿਖੇ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਜਿਥੇ ਇਕ ਡਾਕਟਰ ਨੇ ਇਲਾਜ ਕਰਵਾਉਣ ਆਈ ਹਾਲੈਂਡ ਦੀ ਲੜਕੀ ਨਾਲ ਛੇੜਛਾੜ ਕੀਤੀ ਤੇ ਜਬਰ ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਹਾਲੈਂਡ ਦੀ ਲੜਕੀ ਅਪਣੇ ਪਰਵਾਰ ਨਾਲ ਅੰਮ੍ਰਿਤਸਰ ਘੁੰਮਣ ਆਈ ਸੀ। ਇਸ ਦੌਰਾਨ ਬੀਤੀ ਰਾਤ ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਹ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਚ ਇਲਾਜ ਕਰਵਾਉਣ ਗਈ। ਦਸਿਆ ਜਾ ਰਿਹਾ ਹੈ ਕਿ ਚੈੱਕਅਪ ਦੌਰਾਨ ਡਾਕਟਰ ਨੇ ਲੜਕੀ ਨਾਲ ਗ਼ਲਤ ਹਰਕਤਾਂ ਕੀਤੀਆਂ ਅਤੇ ਜ਼ਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਲੜਕੀ ਦੇ ਬਿਆਨਾਂ 'ਤੇ ਪੁਲਸ ਨੇ ਡਾਕਟਰ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Rape
ਜਦੋਂ ਅਮਨਦੀਪ ਹਸਪਤਾਲ ਵਿਖੇ ਜਾਣਕਾਰੀ ਲਈ ਗੱਲ ਕੀਤੀ ਤੇ ਉਥੇ ਮੌਜੂਦ ਹੈਲਪਰ ਕੁੰਵਰਦੀਪ ਸਿੰਘ ਨੇ ਕਿਹਾ ਕਿ ਅੱਜ ਐਤਵਾਰ ਹੈ ਤੁਹਾਨੂੰ ਮੈਨੇਜਰ ਨਹੀਂ ਮਿਲ ਸਕਦਾ, ਉਹ ਛੁੱਟੀ ਤੇ ਹੈ ਤੇ ਤੁਸੀਂਮੇਰੇ ਨਾਲ ਗੱਲ ਕਰ ਸਕਦੇ ਹੋ, ਜਦ ਇਸ ਲੜਕੀ ਦੇ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਘਟਨਾ ਵਿਚ ਸੱਚਾਈ ਹੈ ਪਰ ਡਾਕਟਰ ਦਾ ਸਾਨੂੰ ਪਤਾ ਨਹੀਂ ਹੈ ਤੇ ਮੈਨੇਜਰ ਵੀ ਸਾਡੇ ਹਸਪਤਾਲ 'ਚ ਅੱਜ ਮੌਜੂਦ ਨਹੀਂ ਤੁਸੀਂ ਕਲ ਆ ਕੇ ਮਿਲ ਸਕਦੇ ਹੋ। ਸਟਾਫ਼ ਨੇ ਵੀ ਜਾਣਕਾਰੀ ਦੇਣ ਤੋਂ ਪਾਸਾ ਵੱਟਿਆ ਤੇ ਕੋਈ ਵੀ ਜਾਣਕਾਰੀ ਦੇਣ ਸਬੰਧੀ ਗੱਲ ਨਹੀਂ ਕੀਤੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਲਖਬੀਰ ਸਿੰਘ ਏਡੀਸੀਪੀ ਨਾਲ ਫ਼ੋਨ 'ਤੇ ਜਦ ਗੱਲ ਕੀਤੀ ਤਾਂ ਮਿਲੀ ਜਾਣਕਾਰੀ ਮੁਤਾਬਕ ਅਸ਼ੀਸ਼ ਨਾਮ ਦੇ ਡਾਕਟਰ ਨੇ ਇਹ ਸ਼ਰਮਨਾਕ ਮਾਮਲੇ ਨੂੰ ਅੰਜਾਮ ਦਿਤਾ ਹੈ ਤੇ ਉਨ੍ਹਾਂ ਕਿਹਾ ਕਿ ਅਸੀਂ ਉਸ 'ਤੇ ਪਰਚਾ ਦਰਜ ਕਰ ਲਿਆ ਹੈ ਤੇ ਜਾਂਚ ਕਰਨੀ ਸ਼ੁਰੂ ਕਰ ਦਿਤੀ ਹੈ।