
ਪੰਜਾਬ ਵਿਚ ਕੋਰੋਨਾ ਦੇ ਕਹਿਰ ਦੇ ਚਲਦਿਆਂ ਜਿਥੇ ਮੌਤਾਂ ਦਾ ਗ੍ਰਾਫ਼ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ,
ਚੰਡੀਗੜ੍ਹ, 29 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦੇ ਕਹਿਰ ਦੇ ਚਲਦਿਆਂ ਜਿਥੇ ਮੌਤਾਂ ਦਾ ਗ੍ਰਾਫ਼ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ, ਉਥੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੀ ਸਾਰੇ ਹੀ ਜ਼ਿਲਿ੍ਹਆਂ ਵਿਚ ਵੱਧ ਰਹੀ ਹੈ। ਬੀਤੇ 24 ਘੰਟੇ ਦੇ ਸਮੇਂ ਦੌਰਾਨ ਕੋਰੋਨਾ ਵਾਇਰਸ ਨਾਲ 25 ਮੌਤਾਂ ਹੋਈਆਂ ਹਨ ਜੋ ਕਿ ਹੁਣ ਤਕ ਇਕ ਦਿਨ ਦੀ ਰੀਕਾਰਡ ਹੈ।
ਲੁਧਿਆਣਾ ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਜਿਥੇ ਇਕੋ ਦਿਨ ਵਿਚ 9 ਮੌਤਾਂ ਹੋਈਆਂ ਹਨ। ਜਲੰਧਰ ਜ਼ਿਲ੍ਹੇ ਵਿਚ ਵੀ 10 ਮੌਤਾਂ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ 3, ਗੁਰਦਾਸਪੁਰ 2 ਅਤੇ ਪਟਿਆਲਾ ਵਿਚ 1 ਮੌਤ ਹੋਈ ਹੈ। ਹੁਣ ਤਕ ਕੁਲ 364 ਮੌਤਾਂ ਹੋਈਆਂ ਹਨ। 128 ਇਲਾਜ ਅਧੀਨ ਮਰੀਜ਼ਾਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਵਿਚੋਂ 15 ਵੈਂਟੀਲੇਟਰ ਉਪਰ ਹਨ।
File Photo
ਮੌਤਾਂ ਦੀ ਗਿਣਤੀ ਇਸ ਸਮੇਂ ਜ਼ਿਲ੍ਹਾ ਲੁਧਿਆਣਾ ਵਿਚ ਸੱਭ ਤੋਂ ਵੱਧ ਜੋ 79 ਤਕ ਪਹੁੰਚ ਗਈ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਵਿਚ 75 ਤੇ ਜਲੰਧਰ ਜ਼ਿਲ੍ਹੇ ਵਿਚ 49 ਮੌਤਾਂ ਹੋਈਆਂ ਹਨ। ਪਟਿਆਲਾ ਤੇ ਸੰਗਰੂਰ ਵਿਚ ਵੀ 26-26 ਮੌਤਾਂ ਹੋ ਚੁਕੀਆਂ ਹਨ। ਸੱਭ ਤੋਂ ਵੱਧ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ ਵੀ ਲੁਧਿਆਣਾ ਦਾ ਹੈ, ਜਿਥੇ ਹੁਣ ਤਕ 2819 ਮਾਮਲੇ ਦਰਜ ਹੋਏ ਹਨ। ਬੀਤੇ 24 ਘੰਟੇ ਦੌਰਾਨ ਵੀ ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਲੁਧਿਆਣਾ ਵਿਚ 95 ਆਏ ਹਨ। ਪਟਿਆਲਾ ਵਿਚ 86 ਤੇ ਅੰਮ੍ਰਿਤਸਰ ਵਿਚ 77 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ।
ਮੁੱਖ ਮੰਤਰੀ ਦਫ਼ਤਰ ਵਿਚ ਵੀ ਕੋਰੋਨਾ ਦੀ ਦਸਤਕ
ਇਸੇ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਿਚ ਵੀ ਕੋਰੋਨਾ ਨੇ ਦਸਤਕ ਦੇ ਦਿਤੀ ਹੈ। ਮੁੱਖ ਮੰਤਰੀ ਦੇ ਅਤੀ ਨਜ਼ਦੀਕੀ ਤੇ ਉਨ੍ਹਾਂ ਦੇ ਸਿਆਸੀ ਸਕੱਤਰ ਮੇਜਰ ਅਮਰਦੀਪ ਸਿੰਘ ਦੇ ਡਰਾਈਵਰ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਮੇਜਰ ਦੇ ਦਫ਼ਤਰ ਵਿਚ ਸੰਪਰਕ ਵਾਲੇ ਲੋਕਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਦੇ ਸੈਂਪਲ ਲੈ ਕੇ ਇਕਾਂਤਵਾਸ ਕੀਤਾ ਜਾ ਰਿਹਾ ਹੈ।