
ਹਫ਼ਤੇ ਦੇ ਆਖ਼ਰ ’ਚ ਕੇਰਲ ’ਚ ਮੁਕੰਮਲ ਤਾਲਾਬੰਦੀ ਦਾ ਐਲਾਨ, ਕੇਂਦਰ ਨੇ ਭੇਜੀ 6 ਮੈਂਬਰੀ ਟੀਮ
ਦੇਸ਼ ’ਚ ਮਿਲੇ ਕੋਰੋਨਾ ਦੇ ਕੁਲ ਮਾਮਲਿਆਂ ’ਚੋਂ ਅੱਧੇ ਕੇਰਲ ਤੋਂ
ਕੇਰਲਾ, 29 ਜੁਲਾਈ : ਕੇਰਲਾ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਦੀ ਮੱਦੇਨਜ਼ਰ ਇਸ ਹਫ਼ਤੇ ਦੇ ਅੰਤ ਵਿਚ 31 ਜੁਲਾਈ ਅਤੇ ਇਕ ਅਗੱਸਤ ਨੂੰ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸਾਹਮਣੇ ਆਈ ਰਿਪੋਰਟ ਵਿਚ ਰਾਜ ਵਿਚ ਆਉਣ ਵਾਲੀ ਤੀਜੀ ਲਹਿਰ ਦਾ ਡਰ ਪੈਦਾ ਹੋ ਗਿਆ ਹੈ। ਦਖਣੀ ਰਾਜ ਪਿਛਲੇ ਕਈ ਹਫ਼ਤਿਆਂ ਤੋਂ ਬਹੁਤ ਜ਼ਿਆਦਾ ਕੋਰੋਨਾ ਕੇਸਾਂ ਦੀ ਰਿਪੋਰਟ ਕਰ ਰਿਹਾ ਹੈ। ਭਾਵੇਂ ਕਿ ਦੇਸ਼ ਭਰ ਵਿਚ ਸਮੁੱਚੀ ਗਿਣਤੀ ਦੂਜੀ ਲਹਿਰ ਦੇ ਸਿਖਰ ਤੋਂ ਤੇਜ਼ੀ ਨਾਲ ਘਟ ਰਹੀ ਹੈ।
ਕੇਂਦਰ ਨੇ ਸਥਿਤੀ ਦਾ ਮੁਲਾਂਕਣ ਕਰਨ ਅਤੇ ਰਾਜ ਦੇ ਕੋਵਿਡ ਪ੍ਰਬੰਧਨ ਯਤਨਾਂ ਦੀ ਸਹਾਇਤਾ ਲਈ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਤੋਂ ਛੇ ਮੈਂਬਰੀ ਟੀਮ ਰਾਜ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ, “ਕਿਉਂਕਿ ਕੇਰਲਾ ਵਿਚ ਅਜੇ ਵੀ ਵੱਡੀ ਗਿਣਤੀ ਵਿਚ ਕੋਵਿਡ ਦੇ ਮਾਮਲੇ ਸਾਹਮਣੇ ਆ ਰਹੇ ਹਨ, ਇਸ ਲਈ ਟੀਮ ਕੋਵਿਡ ਪ੍ਰਬੰਧਨ ’ਚ ਰਾਜ ਦੇ ਚੱਲ ਰਹੇ ਯਤਨਾਂ ਵਿਚ ਸਹਾਇਤਾ ਕਰੇਗੀ।” ਦਰਅਸਲ ਦੇਸ਼ ’ਚ ਮਿਲੇ ਕੁੱਲ ਮਾਮਲਿਆਂ ’ਚੋਂ 50 ਫ਼ੀ ਸਦੀ ਮਾਮਲੇ ਕੇਰਲ ਤੋਂ ਸਾਹਮਣੇ ਆਏ ਹਨ। ਭਾਰਤ ਵਿਚ ਇਕ ਦਿਨ ’ਚ ਕੋਵਿਡ 19 ਦੇ 43,509 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 22,056 ਮਾਮਲੇ ਸਿਰਫ਼ ਕੇਰਲ ਤੋਂ ਹਨ।
ਕੇਰਲ ਵਿਚ ਬੁੱਧਵਾਰ ਨੂੰ ਕੋਵਿਡ-19 ਦੇ 22,056 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ 33,27,301 ਹੋ ਗਈ, ਜਦੋਂ ਕਿ 131 ਹੋਰ ਮੌਤਾਂ ਦੇ ਨਾਲ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16,457 ਹੋ ਗਈ। ਰਾਜ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਵਿਚ ਕਿਹਾ ਗਿਆ ਸੀ ਕਿ 17,761 ਲੋਕ ਲਾਗ ਤੋਂ ਠੀਕ ਹੋਏ ਹਨ, ਜਿਸ ਨਾਲ ਹੁਣ ਤਕ ਠੀਕ ਹੋਏ ਲੋਕਾਂ ਦੀ ਕੁੱਲ ਗਿਣਤੀ 31,60,804 ਹੋ ਗਈ ਹੈ। ਰਾਜ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਹੁਣ 1,49,534 ਹੈ। (ਏਜੰਸੀ)