
ਕਤਲ ਦੇ ਦੋਸ਼ ’ਚ ਅੱਠ ਜਣਿਆਂ ਨੂੰ 5-5
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ/ਗੁਰਦੇਵ ਸਿੰਘ): ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਮਲੋਟ ਵਿਖੇ ਹੋਏ ਇਕ ਕਤਲ ਦੇ ਮਾਮਲੇ ਵਿਚ ਨਾਮਜ਼ਦ 8 ਦੋਸ਼ੀਆਂ ਨੂੰ ਆਈ ਪੀ ਸੀ ਦੀ ਧਾਰਾ 304, 149 ਅਧੀਨ ਹੇਠ ਚਲ ਰਹੇ ਮੁਕਦਮੇ ਸਬੰਧੀ ਸਹਾਇਕ ਜ਼ਿਲ੍ਹਾ ਅਟਾਰਨੀ ਹਰਜੋਤ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 5-5 ਸਾਲ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿਤਾ ਹੈ, ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ 6-6 ਮਹੀਨੇ ਕੈਦ ਦਾ ਵਾਧਾ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ 23 ਅਕਤੂਬਰ 2015 ਨੂੰ ਸਵੇਰ ਸਮੇਂ ਮਕਤੂਲ ਪਰਮਜੀਤ ਸਿੰਘ ਅਪਣੇ ਘਰੋਂ ਲੈਬਾਰਟੀ ’ਤੇ ਗਿਆ ਸੀ ਪਰ ਰਾਤ ਤਕ ਘਰ ਵਾਪਸ ਨਹੀਂ ਆਇਆ। ਇਸ ਸਬੰਧੀ ਉਸ ਦੇ ਭਾਈ ਸੰਦੀਪ ਪਾਲ ਸਿੰਘ ਨੇ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਦਿੰਦੇ ਹੋਏ ਦਸਿਆ ਕਿ 23 ਅਤੇ 24 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਕਰੀਬ ਸਾਢੇ 12 ਵਜੇ ਉਸ ਨੂੰ ਪਤਾ ਲੱਗਾ ਕਿ ਪਰਮਜੀਤ ਸਿੰਘ ਤੇ ਉਸ ਦਾ ਮੋਟਰਸਾਈਕਲ ਜੀ. ਕੇ. ਹਸਪਤਾਲ ਕੋਲ ਡਿੱਗਿਆ ਪਿਆ ਹੈ। ਪੜਤਾਲ ਕਰਨ ’ਤੇ ਪਰਮਜੀਤ ਸਿੰਘ ਮਿ੍ਰਤਕ ਪਾਇਆ ਗਿਆ। ਪੁਲਿਸ ਨੂੰ ਤਫ਼ਤੀਸ਼ ਕਰਨ ’ਤੇ ਮਿਲਿਆ ਕਿ ਮਲੋਟ ਦੇ ਰੇਹੜੀ ਯੂਨੀਅਨ ਦੇ ਪ੍ਰਧਾਨ ਪੱਪੂ ਬਜਾਜ ਦੇ ਮੁੰਡੇ 24 ਅਕਤੂਬਰ ਦੀ ਰਾਤ ਨੂੰ ਮਲੋਟ ਦੇ ਇਕ ਪੈਲਸ ਵਿਚ ਵਿਆਹ ਸੀ ਜਿਸ ਵਿਚ ਪਰਮਜੀਤ ਸਿੰਘ ਵੀ ਸ਼ਾਮਲ ਹੋਇਆ ਸੀ। ਵਿਆਹ ਵਿਚ ਸ਼ਰਾਬ ਪੀ ਕੇ ਦੋਸ਼ੀ ਪਿ੍ਰੰਸ ਬਜਾਜ ਹੋਰਾਂ ਨੇ ਉਸ ਦੀ ਕੁੱਟਮਾਰ ਕੀਤੀ ਜਿਸ ਨਾਲ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਪਿ੍ਰੰਸ ਬਜਾਜ, ਪੁਜਾਰੀ ਭਈਆ, ਰਵੀ ਕੁਮਾਰ ਉਰਫ਼ ਕਾਲੀ, ਅਮਿਤ ਕੁਮਾਰ ਉਰਫ਼ ਸੋਨੂੰ, ਪਵਨ ਕੁਮਾਰ ਉਰਫ਼ ਬਿੰਟਾ, ਸੰਜੀਵ ਕੁਮਾਰ ਉਰਫ਼ ਸੰਨੀ, ਰੋਸ਼ਨ ਲਾਲ ਉਰਫ਼ ਲੱਡੂ ਅਤੇ ਗੌਰਵ ਬਜਾਜ ਹੋਰਨਾਂ ਅੱਠ ਜਣਿਆਂ ਵਿਰੁਧ ਕਤਲ ਦਾ ਮੁਕੱਦਮਾ ਦਰਜ ਕਰ ਕੇ ਮਾਮਲਾ ਅਦਾਲਤ ਹਵਾਲੇ ਕਰ ਦਿਤਾ ਸੀ ਜਿਥੇ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਦਾ ਹੁਕਮ ਸੁਣਾਇਆ।
ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ 6-6 ਮਹੀਨੇ ਕੈਦ ਦਾ ਵਾਧਾ ਹੋਵੇਗਾ।