
ਮੁਕਤਸਰ ਦੇ ਮਨੋਹਰ ਬਾਂਸਲ ਨੇ ਕਲੈਟ 2021 'ਚੋਂ ਦੇਸ਼ ਭਰ 'ਚੋਂ ਪਹਿਲਾ ਰੈਂਕ ਹਾਸਲ ਕੀਤਾ
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ/ਗੁਰਦੇਵ ਸਿੰਘ): ਕਾਮਨ ਲਾਅ ਐਡਮੀਸ਼ਨ ਟੈਸਟ (ਕਲੈਟ 2021) 'ਚ ਸ੍ਰੀ ਮੁਕਤਸਰ ਸਾਹਿਬ ਵਾਸੀ ਮਨੋਹਰ ਬਾਂਸਲ ਨੇ ਪੂਰੇ ਭਾਰਤ ਵਿਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ | ਕਲੈਟ ਦੀ ਪ੍ਰੀਖਿਆ ਜੋ 23 ਜੁਲਾਈ ਨੂੰ ਹੋਈ ਵਿਚ ਮਨਹਰ ਬਾਂਸਲ ਨੇ 150 ਵਿਚੋਂ 125.5 ਅੰਕ ਪ੍ਰਾਪਤ ਕੀਤੇ ਹਨ | ਮਨੋਹਰ ਬਾਂਸਲ ਨੇ ਸਾਲ 2019 ਵਿਚ ਆਈ.ਸੀ.ਐੱਸ.ਈ. ਦਸਵੀਂ ਦੀ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ | ਮਨੋਹਰ ਨੇ ਗਿਆਰਵੀ-ਬਾਰ੍ਹਵੀਂ ਦੀ ਪੜ੍ਹਾਈ ਦਿੱਲੀ ਪਬਲਿਕ ਸਕੂਲ ਆਰ.ਕੇ. ਪੁਰਮ ਦਿੱਲੀ ਤੋਂ ਕੀਤੀ | ਮਨੋਹਰ ਦੇ ਪਿਤਾ ਡਾ. ਮਦਨ ਮੋਹਨ ਬਾਂਸਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਸਿੱਧ ਡਾਕਟਰ ਹਨ ਜਦਕਿ ਮਾਤਾ ਡਾ.ਬੰਦਨਾ ਬਾਂਸਲ ਈ.ਐਨ.ਟੀ. ਮਾਹਰ ਵਜੋਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾਵਾਂ ਦੇ ਰਹੇ ਹਨ | ਜਦਕਿ ਭਰਾ ਦਕਸ਼ ਬਾਂਸਲ ਹੁਣ ਰਾਮ ਮਨੋਹਰ ਲੋਹੀਆ ਹਸਪਤਾਲ ਦਿੱਲੀ ਵਿਖੇ ਐਮ.ਡੀ. ਮੈਡੀਕਲ ਕਰ ਰਿਹਾ | ਮਨੋਹਰ ਬਾਂਸਲ ਦੀ ਯੋਜਨਾ ਹੁਣ ਐਨ.ਐਲ.ਯੂ. ਬੈਂਗਲੁਰੂ ਵਿਖੇ ਬੀ.ਏ.ਐਲ.ਐਲ.ਬੀ. ਦੀ ਪੜ੍ਹਾਈ ਕਰਨ ਦੀ ਹੈ | ਮਨੋਹਰ ਦੀ ਇਸ ਪ੍ਰਾਪਤੀ ਨਾਲ ਸ਼ਹਿਰ ਵਿਚ ਖ਼ੁਸ਼ੀ ਦੀ ਲਹਿਰ ਹੈ |