
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵਿਰੁਧ ਟਿੱਪਣੀ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਦਾ ਭਾਜਪਾ ਆਗੂਆਂ ਨੇ ਪੁਤਲਾ ਫੂਕਿਆ
ਧੂਰੀ, 29 ਜੁਲਾਈ (ਲਖਵੀਰ ਸਿੰਘ ਧਾਂਦਰਾ/ਸਿਕੰਦਰ ਘਨੌਰ) : ਭਾਰਤ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਖਿਲਾਫ਼ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵੱਲੋਂ ਕੀਤੀ ਗਈ ਵਿਵਾਦਤ ਟਿੱਪਣੀ ਖਿਲਾਫ਼ ਭਾਜਪਾ ਵਰਕਰਾਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪੁੱਜ ਗਿਆ ਹੈ ਅਤੇ ਇਸ ਕਾਰਨ ਭਾਜਪਾ ਵਰਕਰ ਸੜਕਾਂ ‘ਤੇ ਉਤਰ ਕੇ ਕਾਂਗਰਸ ਦੇ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੱਦੇ ‘ਤੇ ਪੰਜਾਬ ਭਰ ਦੇ ਭਾਜਪਾ ਵਰਕਰਾਂ ਨੇ ਵੀ ਰੋਸ ਪ੍ਰਦਰਸ਼ਨ ਕੀਤਾ। ਸੀਨੀਅਰ ਭਾਜਪਾ ਆਗੂ ਭੁਪੇਸ਼ ਜਿੰਦਲ ਅਤੇ ਮੰਡਲ ਪ੍ਰਧਾਨ ਨੀਲੂ ਮਿੱਤਲ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਨੇ ਧੂਰੀ ਵਿੱਚ ਕਾਂਗਰੇਸ ਖਿਲਾਫ਼ ਜਮ ਕੇ ਨਾਹਰੇਬਾਜ਼ੀ ਕਰਦੇ ਹੋਏ ਰੋਸ-ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਆਗੂ ਭੁਪੇਸ਼ ਜਿੰਦਲ ਅਤੇ ਮੰਡਲ ਪ੍ਰਧਾਨ ਨੀਲੂ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਵੱਲੋਂ ਕੀਤੀ ਗਈ ਵਿਵਾਦਤ ਟਿੱਪਣੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਸਮੇਤ ਸਾਰੇ ਕਾਂਗਰਸੀ ਆਗੂਆਂ ਨੂੰ ਕਿਸੇ ਨਿਮਨ ਵਰਗ ਨਾਲ ਸਬੰਧਤ ਆਦਿਵਾਸੀ ਔਰਤ ਦਾ ਭਾਰਤ ਦਾ ਰਾਸ਼ਟਰਪਤੀ ਬਣਨਾ ਹਜਮ ਨਹੀਂ ਹੋ ਰਿਹਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਜੇ ਤੱਕ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਖਿਲਾਫ ਅਜਿਹੀ ਅਸ਼ਲੀਲ ਟਿੱਪਣੀ ਕਰਨ ਵਾਲੇ ਰੰਜਨ ਚੌਧਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤਾ ਜਾਣਾ ਕਾਂਗਰਸ ਦੀ ਦਲਿਤ, ਆਦਿਵਾਸੀ ਅਤੇ ਔਰਤ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵਲੋਂ ਕੀਤੀ ਗਈ ਟਿੱਪਣੀ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੋਲੋਂ ਲਿਖਤੀ ਤੌਰ ‘ਤੇ ਅਤੇ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਤੇ ਰੰਜਨ ਚੌਧਰੀ ਨੂੰ ਤੁਰੰਤ ਪਾਰਟੀ ’ਚੋਂ ਕੱਢਣਾ ਚਾਹੀਦਾ ਹੈ ਅਜਿਹਾ ਨਾ ਹੋਇਆ ਤਾਂ ਭਾਜਪਾ ਕਾਂਗਰਸ ਵਿਰੁਧ ਅੰਦੋਲਨ ਹੋਰ ਤੇਜ਼ ਕਰੇਗੀ। ਇਸ ਮੌਕੇ ਭਾਜਪਾ ਆਗੂ ਜਗਦੇਵ ਜਿੰਦਲ, ਭਾਜਪਾ ਦੇ ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਰਵੀ ਗੋਇਲ, ਅਸ਼ੀਸ਼ ਗਰਗ,ਅਸ਼ਵਨੀ ਬਾਂਸਲ, ਰਵੀ ਗੋਇਲ, ਮੁਨੀਸ਼ ਵੈਦਿਆ, ਸੰਜੀਵ ਕੁਮਾਰ, ਮਾਸਟਰ ਕਪੂਰ, ਸਾਗਰ ਮਿੱਤਲ, ਜਗਸੀਰ ਪੰਮੀ ਤੇ ਪ੍ਰਦੀਪ ਰਾਣਾ ਆਦਿ ਵੀ ਹਾਜ਼ਰ ਸਨ।
ਫੋਟੋ ਫਾਈਲ ਧੂਰੀ 1