
'ਹੜ੍ਹਾਂ ਨਾਲ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਲੋਕਾਂ ਨੇ ਹਿੰਮਤ ਨਹੀਂ ਹਾਰੀ ਸਾਰਿਆਂ ਨੇ ਮਿਲ ਕੇ ਲੜਾਈ ਲੜੀ'
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਦੇਸ਼ ਦੇ ਸ਼ਹੀਦਾਂ ਦੇ ਮਾਣ ’ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਆਕਾਸ਼ਵਾਣੀ ’ਤੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 103ਵੀਂ ਕੜੀ ’ਚ ਅਪਣੇ ਵਿਚਾਰ ਸਾਂਝੇ ਕਰਦੇ ਹੋਏ ਮੋਦੀ ਨੇ ਕਿਹਾ ਕਿ ਹਰ ਪਾਸੇ ‘ਅੰਮ੍ਰਿਤ ਮਹੋਤਸਵ’ ਦੀ ਗੂੰਜ ਹੈ ਅਤੇ 15 ਅਗੱਸਤ ਦੂਰ ਨਹੀਂ ਰਹਿ ਗਿਆ ਹੈ ਤਾਂ ਦੇਸ਼ ਅੰਦਰ ਇਕ ਹੋਰ ਵੱਡੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਅਪਣੇ ਸੰਬੋਧਨ ’ਚ ਨਸ਼ੇ ਵਿਰੁਧ ਮੁਹਿੰਮ ’ਚ ਪੰਜਾਬ ਦੇ ਖੇਡ ਕਲੱਬਾਂ ਵਲੋਂ ਦਿਤੇ ਜਾ ਰਹੇ ਯੋਗਦਾਨ ਦੀ ਵੀ ਤਾਰੀਫ਼ ਕੀਤੀ।
ਉਨ੍ਹਾਂ ਕਿਹਾ, ‘‘ਸ਼ਹੀਦ ਨਾਇਕਾਂ ਤੇ ਨਾਇਕਾਵਾਂ ਨੂੰ ਸ਼ਰਧਾਂਜਲੀ ਦੇਣ ਲਈ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਜਾਵੇਗੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਭਾਰਤ ’ਚ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਦੇਸ਼ ਲਈ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਯਾਦ ’ਚ ਲੱਖਾਂ ਗ੍ਰਾਮ ਪੰਚਾਇਤਾਂ ’ਚ ਵਿਸ਼ੇਸ਼ ਸ਼ਿਲਾਲੇਖ ਵੀ ਲਗਾਏ ਜਾਣਗੇ। ਉਨ੍ਹਾਂ ਦਸਿਆ ਕਿ ‘ਮੇਰੀ ਮਿੱਟੀ, ਮੇਰਾ ਦੇਸ਼’ ਮੁਹਿੰਮ ਤਹਿਤ ਦੇਸ਼ ਭਰ ’ਚ ਅੰਮ੍ਰਿਤ ਕਲਸ਼ ਯਾਤਰਾ ਕੱਢੀ ਜਾਵੇਗੀ। ਮੋਦੀ ਨੇ ਕਿਹਾ, ‘‘ਇਹ ‘ਅੰਮ੍ਰਿਤ ਕਲਸ਼ ਯਾਤਰਾ’ ਦੇਸ਼ ਦੇ ਕੋਨੇ-ਕੋਨੇ ਤੋਂ 7500 ਕਲਸ਼ ’ਚ ਮਿੱਟੀ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚੇਗੀ। ਇਹ ਯਾਤਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੂਟੇ ਵੀ ਅਪਣੇ ਨਾਲ ਲੈ ਕੇ ਆਵੇਗੀ।’’
ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ 'ਚ ਟਮਾਟਰਾਂ ਨੇ ਬਦਲੀ ਕਰਜ਼ਈ ਕਿਸਾਨ ਦੀ ਕਿਸਮਤ, ਡੇਢ ਮਹੀਨੇ 'ਚ ਕਮਾਏ 4 ਕਰੋੜ
ਉਨ੍ਹਾਂ ਕਿਹਾ ਕਿ ਕਲਸ਼ ’ਚ ਲਿਆਂਦੀ ਮਿੱਟੀ ਅਤੇ ਪੌਦਿਆਂ ਨਾਲ ਕੌਮੀ ਜੰਗੀ ਯਾਦਗਾਰ ਦੇ ਨੇੜੇ ‘ਅੰਮ੍ਰਿਤ ਵਾਟਿਕਾ’ ਬਣਾਈ ਜਾਵੇਗੀ।
ਮੋਦੀ ਨੇ ਕਿਹਾ, ‘‘ਇਹ ਅੰਮ੍ਰਿਤ ਵਾਟਿਕਾ ‘ਏਕ ਭਾਰਤ ਸ਼੍ਰੇਠ ਭਾਰਤ ਦਾ’ ਦਾ ਸ਼ਾਨਦਾਰ ਪ੍ਰਤੀਕ ਵੀ ਬਣ ਜਾਵੇਗੀ। ਪਿਛਲੇ ਸਾਲ ਲਾਲ ਕਿਲ੍ਹੇ ਤੋਂ ਮੈਂ ਅੰਮ੍ਰਿਤਕਾਲ ਲਈ ‘ਪੰਜ ਅਹਿਦ’ ਦੀ ਗੱਲ ਕੀਤੀ ਸੀ। ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ’ਚ ਹਿੱਸਾ ਲੈ ਕੇ ਅਸੀਂ ਇਨ੍ਹਾਂ 'ਪੰਜ ਅਹਿਦਾਂ' ਨੂੰ ਪੂਰਾ ਕਰਨ ਦੀ ਸਹੁੰ ਖਾਵਾਂਗੇ।’’
ਪ੍ਰਧਾਨ ਮੰਤਰੀ ਨੇ ਦੇਸ਼ ਦੀ ਪਵਿੱਤਰ ਧਰਤੀ ਦੀ ਸਹੁੰ ਚੁਕਦੇ ਹੋਏ ਦੇਸ਼ ਵਾਸੀਆਂ ਨੂੰ ਅਪਣੀ ਸੈਲਫੀ ਵੈੱਬਸਾਈਟ 'yuva.gov.in' ’ਤੇ ਅਪਲੋਡ ਕਰਨ ਦੀ ਵੀ ਅਪੀਲ ਕੀਤੀ।
ਉਨ੍ਹਾਂ ਕਿਹਾ, ‘‘ਬੀਤੇ ਕੁਝ ਦਿਨ ਕੁਦਰਤੀ ਆਫ਼ਤਾਂ ਦੇ ਕਾਰਨ ਚਿੰਤਾ ਅਤੇ ਪਰੇਸ਼ਾਨੀ ਨਾਲ ਭਰੇ ਰਹੇ ਹਾਂ। ਯਮੁਨਾ ਸਮੇਤ ਕਈ ਨਦੀਆਂ ’ਚ ਹੜ੍ਹ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਤਕਲੀਫ ਝੱਲਣੀ ਪਈ ਹੈ। ਪਹਾੜੀ ਇਲਾਕਿਆਂ ’ਚ ਪਹਾੜ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ। ਇਸੇ ਦੌਰਾਨ ਦੇਸ਼ ਦੇ ਪੱਛਮੀ ਹਿੱਸੇ ਵਿੱਚ ਕੁਝ ਸਮਾਂ ਪਹਿਲਾਂ ਗੁਜਰਾਤ ਦੇ ਇਲਾਕਿਆਂ ’ਚ ਬਿਪਰਜੌਯ ਸਾਈਕਲੋਨ ਵੀ ਆਇਆ ਪਰ ਸਾਥੀਓ, ਇਨ੍ਹਾਂ ਆਫ਼ਤਾਂ ਦੇ ਵਿਚਕਾਰ ਅਸੀਂ ਸਾਰੇ ਦੇਸ਼ਵਾਸੀਆਂ ਨੇ ਫਿਰ ਤੋਂ ਵਿਖਾਇਆ ਹੈ ਕਿ ਸਮੂਹਿਕ ਕੋਸ਼ਿਸ਼ਾਂ ਦੀ ਤਾਕਤ ਕੀ ਹੁੰਦੀ ਹੈ।’’ ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੇ, ਸਾਡੇ ਐੱਨਡੀਆਰਐੱਫ ਦੇ ਜਵਾਨਾਂ ਨੇ, ਸਥਾਨਕ ਪ੍ਰਸ਼ਾਸਨ ਦੇ ਲੋਕਾਂ ਨੇ ਦਿਨ-ਰਾਤ ਇੱਕ ਕਰਕੇ ਅਜਿਹੀਆਂ ਆਫ਼ਤਾਂ ਦਾ ਮੁਕਾਬਲਾ ਕੀਤਾ ਹੈ। ਕਿਸੇ ਵੀ ਆਫ਼ਤ ਨਾਲ ਨਿੱਬੜਣ ਲਈ ਸਾਡੀ ਸਮਰੱਥਾ ਅਤੇ ਸੰਸਾਧਨਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਪਰ ਇਸ ਦੇ ਨਾਲ ਹੀ ਸਾਡੀ ਸੰਵੇਦਨਸ਼ੀਲਤਾ ਅਤੇ ਇੱਕ-ਦੂਜੇ ਦਾ ਹੱਥ ਫੜਨ ਦੀ ਭਾਵਨਾ ਓਨੀ ਹੀ ਅਹਿਮ ਹੁੰਦੀ ਹੈ। ਸਭ ਦਾ ਭਲਾ ਕਰਨ ਦੀ ਇਹੀ ਭਾਵਨਾ ਭਾਰਤ ਦੀ ਪਛਾਣ ਵੀ ਹੈ ਅਤੇ ਭਾਰਤ ਦੀ ਤਾਕਤ ਵੀ ਹੈ।
ਪਿਛਲੇ ਸਾਲ ਦੀ ਵਾਂਗ ਇਸ ਸਾਲ ਵੀ ਮੋਦੀ ਨੇ ਲੋਕਾਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਇਸ ਸਮਾਗਮ ਦੌਰਾਨ ਮੁਸਲਿਮ ਔਰਤਾਂ ਲਈ ‘ਮਹਿਰਮ’ (ਮਰਦ ਸਾਥੀ) ਤੋਂ ਬਗੈਰ ਹੱਜ ਯਾਤਰਾ ਕਰਨ ਨੂੰ ‘ਵੱਡਾ ਬਦਲਾਅ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਸ ਦਾ ਕਾਰਨ ਹੱਜ ਨੀਤੀ ’ਚ ਬਦਲਾਅ ਨੂੰ ਦਸਿਆ। ਉਨ੍ਹਾਂ ਕਿਹਾ, ‘‘ਇਹ ਉਹ ਔਰਤਾਂ ਹਨ ਜਿਨ੍ਹਾਂ ਨੇ ਬਿਨਾਂ ਮਹਿਰਮ ਦੇ ਹੱਜ ਯਾਤਰਾ ਕੀਤੀ। ਅਜਿਹੀਆਂ ਔਰਤਾਂ ਦੀ ਗਿਣਤੀ ਡੇਢ ਸੌ ਨਹੀਂ ਸਗੋਂ ਚਾਰ ਹਜ਼ਾਰ ਤੋਂ ਵੱਧ ਹੈ। ਇਹ ਇੱਕ ਵੱਡੀ ਤਬਦੀਲੀ ਹੈ।’’ ਉਨ੍ਹਾਂ ਕਿਹਾ ਕਿ ਅਜਿਹੀਆਂ ਔਰਤਾਂ ਦੀਆਂ ਉਨ੍ਹਾਂ ਨੂੰ ਕਈ ਚਿੱਠੀਆਂ ਵੀ ਪ੍ਰਾਪਤ ਹੋਈਆਂ ਜੋ ਉਨ੍ਹਾਂ ਦੇ ਮਨ ਨੂੰ ਬਹੁਤ ਸੰਤੋਸ਼ ਦਿੰਦੀਆਂ ਹਨ।
ਪਾਣੀ ਦੀ ਸੰਭਾਲ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੋਦੀ ਨੇ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ ਅਤੇ ਦੇਸ਼ ਵਾਸੀਆਂ ਨੂੰ ਇਨ੍ਹਾਂ ਮੁਹਿੰਮਾਂ ’ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਸਾਉਣ ਦੇ ਅਧਿਆਤਮਕ ਅਤੇ ਸਭਿਆਚਾਰਕ ਮਹੱਤਵ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਉਣ ਦੇ ਝੂਟੇ, ਮਹਿੰਦੀ, ਸਾਉਣ ਦੇ ਉਤਸਵ, ਭਾਵ ਸਾਉਣ ਦਾ ਮਤਲਬ ਹੀ ਆਨੰਦ ਅਤੇ ਉੱਲਾਸ (ਖੁਸ਼ੀ) ਹੁੰਦਾ ਹੈ। ਮੋਦੀ ਨੇ ਕਿਹਾ, ‘‘ਬਰਸਾਤ ਦਾ ਇਹ ਸਮਾਂ ਰੁੱਖ ਲਾਉਣ ਅਤੇ ਪਾਣੀ ਦੀ ਸੰਭਾਲ ਲਈ ਬਰਾਬਰ ਮਹੱਤਵਪੂਰਨ ਹੈ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੌਰਾਨ ਬਣਾਏ ਗਏ 60 ਹਜ਼ਾਰ ਤੋਂ ਵੱਧ ਅੰਮ੍ਰਿਤ ਸਰੋਵਰਾਂ ਦੀ ਚਮਕ ਵੀ ਵਧ ਗਈ ਹੈ। ਫਿਲਹਾਲ 50 ਹਜ਼ਾਰ ਤੋਂ ਵੱਧ ਅੰਮ੍ਰਿਤ ਸਰੋਵਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸਾਡੇ ਦੇਸ਼ ਵਾਸੀ ਪੂਰੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਨਾਲ ਪਾਣੀ ਦੀ ਸੰਭਾਲ ਲਈ ਨਵੇਂ ਉਪਰਾਲੇ ਕਰ ਰਹੇ ਹਨ।’’
ਮੋਦੀ ਨੇ ਕਿਹਾ, ‘‘ਮੈਂ ਚਾਹਾਂਗਾ ਕਿ ਅਸੀਂ ਸਾਰੇ ਰੁੱਖ ਲਾਉਣ ਅਤੇ ਪਾਣੀ ਬਚਾਉਣ ਦੇ ਇਨ੍ਹਾਂ ਯਤਨਾਂ ਦਾ ਹਿੱਸਾ ਬਣੀਏ।’’
ਨਸ਼ੇ ਵਿਰੁਧ ਮੁਹਿੰਮ ’ਚ ਪੰਜਾਬ ਦੇ ਖੇਡ ਕਲੱਬਾਂ ਵਲੋਂ ਦਿਤੇ ਜਾ ਰਹੇ ਯੋਗਦਾਨ ਦੀ ਕੀਤੀ ਤਾਰੀਫ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਸੰਬੋਧਨ ਦੌਰਾਨ ਨਸ਼ਿਆਂ ਤੋਂ ਨੌਜੁਆਨਾਂ ਨੂੰ ਦੂਰ ਰੱਖਣ ਲਈ ਕੁਝ ਕਲੱਬਾਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਅਪਣੇ ਸੰਬੋਧਨ ’ਚ ਕਿਹਾ, ‘‘ਜੰਮੂ-ਕਸ਼ਮੀਰ ’ਚ ਮਿਊਜ਼ੀਕਲ ਨਾਈਟਸ ਹੋਣ, ਪਹਾੜੀ ਥਾਵਾਂ ’ਚ ਬਾਈਕ ਰੈਲੀਆਂ ਹੋਣ, ਚੰਡੀਗੜ੍ਹ ਦੇ ਲੋਕਲ ਕਲੱਬ ਹੋਣ ਅਤੇ ਪੰਜਾਬ ’ਚ ਕਈ ਸਾਰੇ ਸਪੋਰਟਸ ਗਰੁਪ ਹੋਣ, ਇਨ੍ਹਾਂ ਬਾਰੇ ਸੁਣ ਕੇ ਲਗਦਾ ਹੈ ਕਿ ਮਨੋਰੰਜਨ ਦੀ ਗੱਲ ਹੋ ਰਹੀ ਹੈ, ਐਡਵੈਂਚਰ ਦੀ ਗੱਲ ਹੋ ਰਹੀ ਹੈ ਪਰ ਗੱਲ ਕੁਝ ਹੋਰ ਹੈ। ਇਹ ਇਕ ਸਾਂਝੇ ਹੰਭਲੇ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਹੈ ਨਸ਼ਿਆਂ ਵਿਰੁਧ ਜਾਗਰੂਕਤਾ ਮੁਹਿੰਮ।’’
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਈ ਰਚਨਾਤਮਕ ਕੋਸ਼ਿਸ਼ਾਂ ਵੇਖਣ ਨੂੰ ਮਿਲੀਆਂ ਹਨ। ਇੱਥੇ ਸੰਗੀਤਮਈ ਰਾਤਾਂ, ਬਾਈਕ ਰੈਲੀਆਂ ਵਰਗੇ ਪ੍ਰੋਗਰਾਮ ਹੋ ਰਹੇ ਹਨ। ਚੰਡੀਗੜ੍ਹ ’ਚ ਇਸ ਸੰਦੇਸ਼ ਨੂੰ ਫੈਲਾਉਣ ਲਈ ਸਥਾਨਕ ਕਲੱਬਾਂ ਨੂੰ ਵੀ ਇਸ ਨਾਲ ਜੋੜਿਆ ਗਿਆ ਹੈ। ਉਹ ਇਨ੍ਹਾਂ ਨੂੰ ਵਾਡਾ (ਵੀ.ਏ.ਡੀ.ਏ.) ਕਲੱਬ ਕਹਿੰਦੇ ਹਨ। ਵਾਡਾ ਭਾਵ ‘ਵਿਕਟਰੀ ਅਗੇਂਸਟ ਡ੍ਰੱਗਸ ਅਬਿਊਜ਼’।
ਇਹ ਵੀ ਪੜ੍ਹੋ: ਕਰਨਾਟਕ 'ਚ ਨਹਿਰ 'ਚ ਕਾਰ ਡਿੱਗਣ ਕਾਰਨ ਚਾਰ ਲੋਕਾਂ ਦੀ ਹੋਈ ਮੌਤ
ਉਨ੍ਹਾਂ ਕਿਹਾ, ‘‘ਪੰਜਾਬ ’ਚ ਕਈ ਖੇਡ ਗਰੁਪ ਵੀ ਬਣਾਏ ਗਏ ਹਨ ਜੋ ਫਿਟਨੈੱਸ ’ਤੇ ਧਿਆਨ ਦੇਣ ਅਤੇ ਨਸ਼ਾਮੁਕਤੀ ਲਈ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ। ਨਸ਼ੇ ਵਿਰੁਧ ਮੁਹਿੰਮ ’ਚ ਨੌਜੁਆਨਾਂ ਦੀ ਵਧਦੀ ਹਿੱਸੇਦਾਰੀ ਬਹੁਤ ਉਤਸ਼ਾਹ ਦੇਣ ਵਾਲੀ ਹੈ। ਇਹ ਯਤਨ ਭਾਰਤ ’ਚ ਨਸ਼ਿਆਂ ਵਿਰੁਧ ਮੁਹਿੰਮ ਨੂੰ ਬਹੁਤ ਤਾਕਤ ਦਿੰਦੇ ਹਨ। ਸਾਨੂੰ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਖਣਾ ਹੀ ਹੋਵੇਗਾ।’’
ਉਨ੍ਹਾਂ ਕਿਹਾ ਕਿ ਦੋ ਹਫ਼ਤੇ ਪਹਿਲਾਂ ਹੀ ਭਾਰਤ ਨੇ ਨਸ਼ਿਆਂ ਵਿਰੁਧ ਬਹੁਤ ਵੱਡੀ ਕਾਰਵਾਈ ਕੀਤੀ ਹੈ। ਨਸ਼ਿਆਂ ਦੀ ਕਰੀਬ ਡੇਢ ਲੱਖ ਕਿਲੋ ਦੀ ਖੇਪ ਨੂੰ ਜ਼ਬਤ ਕਰਨ ਤੋਂ ਬਾਅਦ ਉਸ ਨੂੰ ਨਸ਼ਟ ਕਰ ਦਿਤਾ ਗਿਆ ਹੈ। ਭਾਰਤ ਨੇ 10 ਲੱਖ ਕਿਲੋ ਨਸ਼ਿਆਂ ਨੂੰ ਨਸ਼ਟ ਕਰਨ ਦਾ ਅਨੋਖਾ ਰੀਕਾਰਡ ਵੀ ਬਣਾਇਆ ਹੈ। ਇਨ੍ਹਾਂ ਨਸ਼ਿਆਂ ਦੀ ਕੀਮਤ 12000 ਕਰੋੜ ਰੁਪਏ ਤੋਂ ਵੀ ਜ਼ਿਆਦਾ ਸੀ। ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਸਾਰਿਆਂ ਦੀ ਤਾਰੀਫ਼ ਕਰਨਾ ਚਾਹਾਂਗਾ ਜੋ ਨਸ਼ਾਮੁਕਤੀ ਦੀ ਇਸ ਨੇਕ ਮੁਹਿੰਮ ’ਚ ਅਪਣਾ ਯੋਗਦਾਨ ਦੇ ਰਹੇ ਹਨ। ਨਸ਼ੇ ਦੀ ਆਦਤ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਸਮਾਜ ਲਈ ਵੀ ਵੱਡੀ ਪ੍ਰੇਸ਼ਾਨੀ ਬਣ ਜਾਂਦੀ ਹੈ। ਜੇ ਇਹ ਖਤਰਾ ਹਮੇਸ਼ਾ ਲਈ ਖ਼ਤਮ ਕਰਨਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਇਕਜੁਟ ਹੋ ਕੇ ਇਸ ਦਿਸ਼ਾ ਵੱਲ ਅੱਗੇ ਵਧੀਏ।