
''ਸੁਖਬੀਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ "ਬਾਦਲ ਪ੍ਰਾਈਵੇਟ ਲਿਮਟਿਡ" ਬਣਾ ਕੇ ਰੱਖ ਦਿੱਤਾ''
Punjab News : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਕਈ ਹੋਰ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਪਾਰਟੀ ਵਿਰੁੱਧ ਅਨੁਸ਼ਾਸਨਹੀਣਤਾ ਕਰਨ ਦਾ ਦੋਸ਼ ਲਾ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ।
ਇਸ ਕਾਰਵਾਈ ਦੇ ਪ੍ਰਤੀਕਰਮ ਵਜੋਂ ਬੋਲਦਿਆਂ ਪਰਮਿੰਦਰ ਸਿੰਘ ਢੀਡਸਾ ਨੇ ਆਖਿਆ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੇ ਗੁਲਾਮ ਨਹੀਂ ਹਾਂ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ "ਬਾਦਲ ਪ੍ਰਾਈਵੇਟ ਲਿਮਟਿਡ" ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਪਾਰਟੀ ਦੀ ਮਜਬੂਤੀ ਲਈ "ਸੁਧਾਰ ਲਹਿਰ" ਚਲਾ ਰਹੇ ਹਾਂ ਅਤੇ ਸਾਨੂੰ ਕਿਸੇ ਤੋਂ ਵੀ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ।
ਪੰਜਾਬ ਦੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਈ ਵਾਰ ਨਕਾਰ ਦਿੱਤਾ ਹੈ ਪਰ ਸੁਖਬੀਰ ਸਿੰਘ ਬਾਦਲ ਆਪਹੁਦਰੇ ਫ਼ੈਸਲੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਵਿੱਚ ਲਗਾਤਾਰ ਛੁਰਾ ਮਾਰ ਰਹੇ ਹਨ। ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਿਰੁੱਧ ਅਨੁਸ਼ਾਸਨਹੀਣਤਾ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਜਲੰਧਰ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦਾ ਸ਼ਰੇਆਮ ਵਿਰੋਧ ਕਰਕੇ ਦੂਜੀ ਪਾਰਟੀ ਨੂੰ ਸਮਰਥਨ ਦਿੱਤਾ।
ਪਿਛਲੇ ਦਿਨੀ ਡੇਰਾ ਸਿਰਸਾ ਦੇ ਰਾਜਨੀਤਕ ਵਿੰਗ ਦੇ ਮੁਖੀ ਰਹਿ ਚੁੱਕੇ ਪ੍ਰਦੀਪ ਕਲੇਰ ਵੱਲੋਂ ਸੁਖਬੀਰ ਸਿੰਘ ਬਾਦਲ ਉੱਤੇ ਲਗਾਏ ਦੋਸ਼ਾਂ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।