
ਪਾਕਿ ਨਾਲ ਮੁਠਭੇੜ 'ਚ ਗੋਇੰਦਵਾਲ ਸਾਹਿਬ ਦੇ ਨਾਇਬ ਸੂਬੇਦਾਰ ਸ਼ਹੀਦ
1998 ਵਿਚ 'ਦਿ ਸਿੱਖ ਲਾਈਟ ਇਨਫ਼ੈਂਟਰੀ' 'ਚ ਹੋਇਆ ਸੀ ਭਰਤੀ
ਸ਼੍ਰੀ ਗੋਇੰਦਵਾਲ ਸਾਹਿਬ, 30 ਅਗੱਸਤ (ਅੰਤਰਪ੍ਰੀਤ ਸਿੰਘ ਖਹਿਰਾ) : ਜੰਮੂ ਦੇ ਪੁਣਛ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਚ ਹੋਈ ਮੁੱਠਭੇੜ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਗੋਇੰਦਵਾਲ ਸਾਹਿਬ ਦਾ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇਸ਼ ਦੀ ਖ਼ਾਤਰ ਸ਼ਹੀਦ ਹੋ ਗਿਆ ਹੈ। ਦੇਸ਼ ਦੇ ਜਵਾਨ ਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਇਲਾਕਾ ਨਿਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਸ਼ਹੀਦ ਦੇ ਘਰ ਪਹੁੰਚ ਕੇ ਦੁੱਖ ਪ੍ਰਗਟ ਕੀਤਾ ਗਿਆ।
ਜਾਣਕਾਰੀ ਅਨੁਸਾਰ ਇਤਿਹਾਸਕ ਨਗਰ ਸ਼੍ਰੀ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਫ਼ੌਜੀ ਜਵਾਨ ਜੋ ਨੌਸ਼ਹਿਰਾ ਸੈਕਟਰ ਵਿਚ ਤਾਇਨਾਤ ਸੀ ਅਤੇ ਭਾਰਤ ਪਾਕਿਸਤਾਨ ਬਾਰਡਰ ਤੇ ਬੀਤੀ ਰਾਤ ਚੈੱਕ ਪੋਸਟ ਦੇਖਣ ਗਿਆ ਸੀ ਪਰ ਪਾਕਿਸਤਾਨ ਤਰਫ਼ੋਂ ਹੋਈ ਗੋਲੀਬਾਰੀ ਕਾਰਨ ਰਾਜਵਿੰਦਰ ਸਿੰਘ ਨੂੰ ਵੀ ਮੁਕਾਬਲੇ ਦੌਰਾਨ ਗੋਲੀਆਂ ਲੱਗੀਆਂ, ਜਿਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸ਼ਹੀਦ ਹੋ ਗਿਆ।
ਪਮਵਾਰਕ ਮੈਂਬਰਾਂ ਨੇ ਦਸਿਆ ਕਿ ਰਾਜਵਿੰਦਰ ਸਿੰਘ 1998 ਵਿਚ 'ਦਿ ਸਿੱਖ ਲਾਈਟ ਇਨਫ਼ੈਂਟਰੀ' ਦਾ ਜਵਾਨ ਸੀ ਅਤੇ ਜੰਮੂ ਕਸ਼ਮੀਰ ਦੇ ਪੁਣਛ ਸੈਕਟਰ ਵਿਚ ਨੌਸ਼ਹਿਰਾ ਚੌਕੀ ਵਿਖੇ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੂੰ ਫ਼ੌਜ ਦੇ ਅਧਿਕਾਰੀਆਂ ਵਲੋਂ ਰਾਜਵਿੰਦਰ ਨੂੰ ਗੋਲੀਆਂ ਲੱਗਣ ਦੀ ਘਟਨਾ ਲਈ ਸੂਚਿਤ ਕੀਤਾ ਗਿਆ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਰਾਜਵਿੰਦਰ ਸਿੰਘ ਦੇਸ਼ ਲਈ ਲੜਦੇ ਸ਼ਹੀਦ ਹੋ ਗਿਆ ਹੈ। ਸ਼ਹੀਦ ਰਾਜਵਿੰਦਰ ਸਿੰਘ ਦੇ ਪਰਵਾਰ ਵਿਚ ਪਤਨੀ ਮਨਪ੍ਰੀਤ ਕੌਰ, ਇਕ ਲੜਕਾ ਜੋਬਨਜੀਤ ਸਿੰਘ (16) ਅਤੇ ਦੋ ਲੜਕੀਆਂ ਪਵਨਦੀਪ ਕੌਰ (14) ਅਤੇ ਅਮਰਜੋਤ ਕੌਰ (10) ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਰਾਜਵਿੰਦਰ ਸਿੰਘ ਦੇ ਪਿਤਾ ਦੀ ਮੌਤ ਹੋ ਚੁਕੀ ਹੈ ਅਤੇ ਉਹ ਵੀ ਭਾਰਤੀ ਫ਼ੌਜ ਵਿਚੋਂ ਸੇਵਾ ਮੁਕਤ ਹੋਏ ਸਨ ਅਤੇ ਸ਼ਹੀਦ ਨਾਇਬ ਸੂਬੇਦਾਰ ਦਾ ਛੋਟਾ ਭਰਾ ਜੋ ਫ਼ੌਜ਼ ਵਿਚ ਤਾਇਨਾਤ ਸੀ, ਦੀ ਵੀ ਸੜਕ ਹਾਦਸੇ ਕਾਰਨ ਮੌਤ ਹੋ ਚੁਕੀ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਰਾਜਵਿੰਦਰ ਸਿੰਘ ਦਾ ਇਕਲੌਤਾ ਪੁੱਤਰ ਜੋ ਥਾਈਲੈਂਡ ਵਿਚੋਂ ਤਾਈਕਵਾਂਡੋ ਦਾ ਗੋਲਡ ਮੈਡਲਿਸਟ ਹੈ, ਵੀ ਅਪਣੇ ਪਿਤਾ ਦੀ ਤਰ੍ਹਾਂ ਦੇਸ਼ ਦੀ ਸੇਵਾ ਕਰਨਾ ਚਹੁੰਦਾ ਹੈ। ਸ਼ਹੀਦ ਦੀ ਮਾਤਾ ਬਲਵਿੰਦਰ ਕੌਰ ਨੇ ਅਪਣੇ ਪੁੱਤਰ ਦੀ ਬਹਾਦਰੀ 'ਤੇ ਮਾਣ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਵਾਰ ਦੇਸ਼ ਦੀ ਸੇਵਾ ਕਰਦਾ ਰਿਹਾ ਹੈ ਅਤੇ ਉਹ ਅਪਣੇ ਪੋਤਰੇ ਨੂੰ ਵੀ ਦੇਸ਼ ਦੀ ਸੇਵਾ ਲਈ ਭੇਜੇਗੀ। ਸ਼ਹੀਦ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦਾ ਅੱਜ ਉਨ੍ਹਾਂ ਦੇ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।
ਕੈਪਸ਼ਨ- 1. ਸ਼ਹੀਦ ਨਾਇਬ ਸੂਬੇਦਾਰimage ਰਾਜਵਿੰਦਰ ਸਿੰਘ 2 .ਸ਼ਹੀਦ ਦੀ ਮਾਂ ਬਲਵਿੰਦਰ ਕੌਰ, ਪਤਨੀ ਮਨਪ੍ਰੀਤ ਕੌਰ ਅਤੇ ਬੱਚੇ 3. ਸ਼ਹੀਦ ਦਾ ਲੜਕਾ ਤਾਈਕਵਾਂਡੋ ਗੋਲਡ ਮੈਡਲਿਸਟ ਜੋਬਨਜੀਤ ਸਿੰਘ।