
ਪੰਜਾਬ ਸਰਕਾਰ ਨੇ ਚੁੱਪ-ਚਪੀਤੇ ਵਧਾਏ ਸਿਹਤ ਸਹੂਲਤਾਂ ਦੇ ਖ਼ਰਚੇ
ਹੁਣ ਐਂਬੂਲੈਂਸ ਦਾ ਕਿਰਾਇਆ ਵਧਾਉਣ ਦੇ ਬਾਅਦ ਅਪਰੇਸ਼ਨਾਂ ਲਈ ਕਈ ਗੁਣਾ ਜ਼ਿਆਦਾ ਫ਼ੀਸ ਦੇਣੀ ਪਵੇਗੀ
to
ਚੰਡੀਗੜ੍ਹ, 30 ਅਗੱਸਤ (ਨੀਲ ਭਾਲਿੰਦਰ ਸਿੰਘ) : ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦਾ ਨਾਜ਼ੁਕ ਦੌਰ ਜਾਰੀ ਹੋਣ ਦੇ ਬਾਵਜੂਦ ਚੁੱਪ-ਚਪੀਤੇ ਹੀ ਸੂਬੇ ਅੰਦਰ ਵੱਖ-ਵੱਖ ਸਿਹਤ ਸਹੂਲਤਾਂ ਦੇ ਖ਼ਰਚੇ ਵਧਾ ਦਿਤੇ ਹਨ। ਸਰਕਾਰ ਦੇ ਨਵੇਂ ਫ਼ੈਸਲੇ ਅਨੁਸਾਰ ਹੁਣ ਐਂਬੂਲੈਂਸ ਦਾ ਕਿਰਾਇਆ ਤਿੰਨ ਗੁਣਾ ਵਧਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਛੋਟੇ ਮੋਟੇ ਅਪਰੇਸ਼ਨਾਂ ਲਈ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਫ਼ੀਸ ਦੇਣੀ ਪਵੇਗੀ।
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਹਾਂਮਾਰੀ ਦੇ ਦੌਰ 'ਚ ਸਿਹਤ ਸਹੂਲਤਾਂ ਦੇ ਖ਼ਰਚੇ ਵਧਾਉਣ ਦਾ ਫ਼ੈਸਲਾ ਲੈ ਕੇ ਮੁਸੀਬਤ ਦਾ ਸਾਹਮਣਾ ਕਰ ਰਹੇ ਪੰਜਾਬੀਆਂ 'ਤੇ ਇਕ ਹੋਰ ਬੋਝ ਵਧਾ ਦਿਤਾ ਹੈ ਜਦਕਿ ਚਾਹੀਦਾ ਇਹ ਸੀ ਕਿ ਸਰਕਾਰ ਇਸ ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਮੁਫ਼ਤ ਇਲਾਜ ਮੁਹਈਆ ਕਰਵਾਉਂਦੀ।
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਸਿਹਤ ਸਹੂਲਤਾਂ ਤੋਂ ਵਸੂਲੀ ਜਾਣ ਵਾਲੇ ਚਾਰਜਿੰਗ ਚੁੱਪ-ਚੁਪੀਤੇ ਵਧਾ ਦਿਤੇ ਹਨ, ਜਦਕਿ ਪੰਜਾਬ ਵਿਚ ਇਸ ਸਮੇਂ ਕੋਰੋਨਾ ਵਰਗੀ ਮਹਾਂਮਾਰੀ ਸਿਖਰਾਂ 'ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਪੂਰਨ ਤੌਰ 'ਤੇ ਲੋਕ ਵਿਰੋਧੀ ਹੈ ਜਦਕਿ ਸਰਕਾਰ ਨੂੰ ਅਜਿਹੇ ਮੌਕਿਆਂ 'ਤੇ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ ਨਾ ਕਿ ਉਨਾਂ 'ਤੇ ਵਾਧੂ ਬੋਝ ਪਾਉਣ ਦੀ।
ਵਿਧਾਇਕ ਅਰੋੜਾ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਵਾਅਦੇ ਤਾਂ ਬਹੁਤ ਕਰਦੀ ਹੈ ਪਰ ਅਸਲ ਵਿਚ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕਰਦੀ। ਪੰਜਾਬ ਇਕ ਵੈਲਫ਼ੇਅਰ ਸੂਬਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਕ ਵਪਾਰੀ ਦੀ ਤਰ੍ਹਾਂ ਪੇਸ਼ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਦੇ 20,000 ਪ੍ਰਤੀ ਯੂਨਿਟ ਚਾਰਜ ਕਰਨ ਦਾ ਐਲਾਨ ਕੀਤਾ ਸੀ ਪਰ ਆਮ ਆਦਮੀ ਪਾਰਟੀ ਦੇ ਵਿਰੋਧ ਤੋਂ ਡਰਦਿਆਂ ਉਹ ਫ਼ੈਸਲਾ ਵਾਪਸ ਲੈਣਾ ਪਿਆ।
ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਇਸ ਪੈਸੇ ਕਮਾਉਣ ਦੀ ਪ੍ਰਵਿਰਤੀ 'ਤੇ ਚਲ ਕੇ ਖ਼ਜ਼ਾਨਾ ਨਹੀਂ ਭਰ ਸਕਦੀ, ਖ਼ਜ਼ਾਨਾ ਭਰਨ ਲਈ ਨੀਅਤ ਅਤੇ ਨੀਤੀ ਸਾਫ ਹੋਣੀ ਚਾਹੀਦੀ ਤਾਂ ਕੇ ਮਾਫ਼ੀਆ ਨੂੰ ਕਾਬੂ ਕਰ ਕੇ ਪੈਸੇ ਦੀ ਲੀਕੇਜ ਰੋਕੀ ਜਾ ਸਕੇ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇ ਸਰਕਾਰ ਨੇ ਇਹ ਲੋਕ ਵਿਰੋਧੀ ਫ਼ੈਸਲਾ ਵਾਪਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰੇਗੀ।