
ਕਾਂਗਰਸ ਪ੍ਰਧਾਨ ਦੀ ਚੋਣ ਬਿਨਾਂ ਅਸਮਾਨ ਨਹੀਂ ਟੁੱਟ ਜਾਵੇਗਾ : ਸਲਮਾਨ ਖ਼ੁਰਸ਼ੀਦ
ਨਵੀਂ ਦਿੱਲੀ, 30 ਅਗੱਸਤ : ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖ਼ੁਰਸ਼ੀਦ ਨੇ ਕਿਹਾ ਹੈ ਕਿ ਕਾਂਗਰਸ ਨੂੰ ਨਵੇਂ ਪ੍ਰਧਾਨ ਦੀ ਚੋਣ ਲਈ ਕੋਈ ਕਾਹਲੀ ਨਹੀਂ ਕਰਨੀ ਚਾਹੀਦੀ ਅਤੇ ਉਸ ਬਿਨਾਂ ਕੋਈ ਅਸਮਾਨ ਨਹੀਂ ਟੁੱਟ ਜਾਵੇਗਾ ਕਿਉਂਕਿ ਸੋਨੀਆ ਗਾਂਧੀ ਹਾਲੇ ਸਿਖਰ 'ਤੇ ਮੌਜੂਦ ਹਨ ਅਤੇ ਅਗਵਾਈ ਦੇ ਮੁੱਦੇ 'ਤੇ ਫ਼ੈਸਲੇ ਕਰਨ ਦਾ ਕੰਮ ਉਨ੍ਹਾਂ 'ਤੇ ਹੀ ਛਡਣਾ ਚਾਹੀਦਾ ਹੈ।
ਗਾਂਧੀ ਪਰਵਾਰ ਦੇ ਕਰੀਬੀ ਸਮਝੇ ਜਾਣ ਵਾਲੇ ਆਗੂਆਂ ਵਿਚ ਸ਼ਾਮਲ ਖ਼ੁਰਸ਼ੀਦ ਨੇ ਕਿਹਾ ਕਿ ਕਾਗਰਸ ਪ੍ਰਧਾਨ ਦੇ ਅਹੁਦੇ 'ਤੇ ਲੰਮੇ ਸਮੇਂ ਤਕ ਰਹਿਣ ਵਾਲੀ ਸੋਨੀਆ ਗਾਂਧੀ ਅਗਵਾਈ ਦੇ ਮੁੱਦੇ 'ਤੇ ਸੱਭ ਤੋਂ ਵਧੀਆ ਫ਼ੈਸਲਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਵਾਲੇ ਆਗੂਆਂ ਨੇ ਜੇ ਉਨ੍ਹਾਂ ਨਾਲ ਸੰਪਰਕ ਕੀਤਾ ਹੁੰਦਾ ਤਾਂ ਉਹ ਇਸ ਚਿੱਠੀ 'ਤੇ ਹਸਤਾਖਰ ਨਾ ਕਰਦੇ।
ਖ਼ੁਰਸ਼ੀਦ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਵੀ ਤਾਂ ਕਈ ਸਾਲਾਂ ਤੋਂ ਪਾਰਟੀ ਦੇ ਸਿਖਰਲੇ ਅਹੁਦਿਆਂ 'ਤੇ ਰਹੇ ਹਨ, ਤਦ ਵੀ ਇਸ ਤਰ੍ਹਾਂ ਦੀਆਂ ਚੋਣਾਂ ਨਹੀਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸ਼ਾਇਦ ਆਜ਼ਾਦ ਪਾਰਟੀ ਵਿਚ ਬਦਲਾਅ ਚਾਹੁੰਦੇ ਹਨ ਅਤੇ ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਜੋ ਉਹ ਕਹਿ ਰਹੇ ਹਨ, ਉਸ 'ਤੇ ਵਿਚਾਰ ਕੀਤਾ ਜਾਵੇਗਾ। ਖ਼ੁਰਸ਼ੀਦ ਨੇ ਕਿਹਾ ਕਿ ਜਿਹੜੇ ਆਗੂਆਂ ਨੇ ਚਿੱਠੀ ਲਿਖੀ ਹੈ, ਉਨ੍ਹਾਂ ਦੀ ਹਮੇਸ਼ਾ ਸੋਨੀਆ ਤਕ ਪਹੁੰਚ ਸੀ ਅਤੇ ਉਹ ਚਿੱਠੀ ਲਿਖਣ ਦੀ ਬਜਾਏ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਸਨ।
ਉਨ੍ਹਾਂ ਕਿਹਾ, 'ਬਹੁਤ ਸਪੱਸ਼ਟ ਹੈ ਕਿ ਇਸ ਪੱਤਰ ਵਿਚ ਸ਼ਾਮਲ ਅਹਿਮ ਵਿਅਕਤੀ ਸਾਡੀ ਪਾਰਟੀ ਦੇ ਸਿਖਰਲੇ ਆਗੂਆਂ
ਨਾਲ ਨੇੜਿਉਂ ਜੁੜਿਆ ਹੈ ਅਤੇ ਇਸ ਲਈ ਸੋਨੀਆ ਗਾਂਧੀ ਨੇ ਸੰਕੇਤ ਦਿਤਾ ਹੈ ਕਿ ਚੰਗਾ ਹੁੰਦਾ ਜੇ ਉਹ ਪਾਰਟੀ ਦੀਆਂ ਹੱਦਾਂ ਅੰਦਰ ਚਰਚਾ ਕਰਦੇ।' ਉਨ੍ਹਾਂ ਕਿਹਾ, 'ਮੇਰੇ ਵਰਗੇ ਲੋਕਾਂ ਲਈ, ਸਾਡੇ ਕੋਲ ਪਹਿਲਾਂ ਹੀ ਨੇਤਾimage ਹਨ, ਸੋਨੀਆ ਗਾਂਧੀ ਸਾਡੀ ਨੇਤਾ ਹੈ, ਰਾਹੁਲ ਗਾਂਧੀ ਸਾਡੇ ਨੇਤਾ ਹਨ। ਇਸ ਲਈ ਪ੍ਰਧਾਨਗੀ ਦੀ ਚੋਣ ਲਈ ਕੋਈ ਕਾਹਲੀ ਨਹੀਂ ਕਰਨੀ ਚਾਹੀਦੇ।' (ਏਜੰਸੀ)