ਸੁਖਬੀਰ ਬਾਦਲ ਨੂੰ ਅੱਜ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ
ਫਰੀਦਕੋਟ - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅੱਜ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਉਹਨਾਂ ਨੂੰ ਅੱਜ ਫਿਰ ਐੱਸਆਈਟੀ ਨੇ 14 ਸਤੰਬਰ ਨੂੰ ਤਲਬ ਕੀਤਾ ਹੈ। SIT ਨੇ ਸੁਖਬੀਰ ਬਾਦਲ ਨੂੰ ਮੁੜ ਸੰਮਨ ਭੇਜਿਆ ਹੈ। ਦਰਅਸਲ ਸੁਖਬੀਰ ਬਾਦਲ ਨੂੰ ਅੱਜ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਸੁਖਬੀਰ ਬਾਦਲ ਚੰਡੀਗੜ੍ਹ ਆਉਣ ਦੀ ਬਜਾਏ ਜ਼ੀਰਾ ਕੋਰਟ 'ਚ ਪੇਸ਼ ਹੋਏ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਸੰਮਨ ਨਹੀਂ ਮਿਲਿਆ।
ਵਿਸ਼ੇਸ਼ ਜਾਂਚ ਟੀਮ ਨੇ ਕਿਹਾ ਕਿ ਪੁਲਿਸ ਅਧਿਕਾਰੀ ਸੁਖਬੀਰ ਬਾਦਲ ਨੂੰ ਕੋਰੀਅਰ ਲੈ ਕੇ ਬੁਲਾਉਣ ਗਏ ਸਨ ਪਰ ਉਹਨਾਂ ਵਿਚੋਂ ਕਿਸੇ ਨੇ ਵੀ ਸੰਮਨ ਨਹੀਂ ਲਿਆ। ਉਨ੍ਹਾਂ ਦੱਸਿਆ ਕਿ ਸੁਖਬੀਰ ਬਾਦਲ ਵਿਦੇਸ਼ ਵਿਚ ਹਨ। ਇਸ ਤੋਂ ਬਾਅਦ ਐਸਆਈਟੀ ਨੇ ਸੁਖਬੀਰ ਬਾਦਲ ਦੇ ਨਾਲ ਰਹਿਣ ਵਾਲੇ ਵਿਨੀਤ ਪਾਲ ਹੈਪੀ ਨੂੰ ਵੀ ਵਟਸਐਪ ਰਾਂਹੀ ਮੈਸਜ ਭੇਜ ਕੇ ਤਲਬ ਕੀਤਾ ਸੀ। ਜਿਨ੍ਹਾਂ ਨੇ ਸੰਮਨ ਮਿਲਣ ਦੀ ਗੱਲ ਵੀ ਕਬੂਲੀ ਹੈ।
ਕੋਟਕਪੂਰਾ ਗੋਲੀਕਾਂਡ ਸਾਲ 2015 ਦੀ ਹੈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖਾਂ 'ਤੇ ਗੋਲੀਆਂ ਚਲਾਈਆਂ ਗਈਆਂ। ਜਦੋਂ ਇਹ ਗੋਲੀਬਾਰੀ ਹੋਈ ਤਾਂ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ। ਉਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ। ਐਸਆਈਟੀ ਉਨ੍ਹਾਂ ਤੋਂ ਪੁੱਛਣਾ ਚਾਹੁੰਦੀ ਹੈ ਕਿ ਸਿੱਖਾਂ 'ਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ? ਇਸ ਮਾਮਲੇ ਵਿਚ ਤਤਕਾਲੀ ਡੀਜੀਪੀ ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਸੁਖਬੀਰ ਬਾਦਲ ਨੇ ਇਸ ਸਬੰਧੀ ਜਵਾਬ ਦਿੱਤਾ ਹੈ ਕਿ ਉੱਥੋਂ ਦੇ ਐੱਸ.ਡੀ.ਐੱਮ. ਨੇ ਹੀ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਇਸ ਸਬੰਧੀ ਐਸਡੀਐਮ ਨੇ ਲਿਖਤੀ ਤੌਰ 'ਤੇ ਵੀ ਪੱਤਰ ਦਿੱਤਾ ਹੈ। ਐਸਡੀਐਮ ਅਜੇ ਵੀ ਆਪਣੀ ਗੱਲ ’ਤੇ ਕਾਇਮ ਹੈ। ਸੁਖਬੀਰ ਨੇ ਸੰਮਨ ਨਾ ਮਿਲਣ ਦੀ ਗੱਲ ਵੀ ਕਹੀ ਸੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਹਜ਼ਾਰਾਂ ਸੰਮਨ ਇੱਕ ਮਾਮਲੇ ਵਿਚ ਆਉਂਦੇ ਹਨ, ਇਸ ਵਿਚ ਕੋਈ ਵੱਡੀ ਗੱਲ ਨਹੀਂ ਹੈ।