12ਵੀਂ ਈ.ਟੀ.ਟੀ ਪਾਸ ਅਧਿਆਪਕਾਂ ਨੂੰ ਨੌਕਰੀ ਲਈ ਅਪਲਾਈ ਕਰਨ ਦਾ ਦਿੱਤਾ ਮੌਕਾ
ਚੰਡੀਗੜ੍ਹ: ਪੰਜਾਬ ਵਿਚ ਐਲੀਮੈਂਟਰੀ ਟੀਚਰ ਟਰੇਨਿੰਗ (ਈ.ਟੀ.ਟੀ) ਕਰਨ ਲਈ ਵਿਦਿਅਕ ਯੋਗਤਾ ਬਦਲ ਦਿੱਤੀ ਗਈ ਹੈ। ਹੁਣ ਪੰਜਾਬ ਵਿਚ ਈ.ਟੀ.ਟੀ ਕਰਨ ਲਈ ਘੱਟੋ-ਘੱਟ ਯੋਗਤਾ ਬੀ.ਏ. ਹੋਵੇਗੀ ਨਾ ਕਿ 12ਵੀਂ। ਪਿਛਲੇ ਹਫ਼ਤੇ ਹੋਈ ਕੈਬਨਿਟ ਮੀਟਿੰਗ 'ਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ।
2018 ਵਿਚ ਪੰਜਾਬ ਸਰਕਾਰ ਸਰਵਿਸ ਨਿਯਮਾਂ 'ਚ ਇੱਕ ਵੱਡਾ ਬਦਲਾਅ ਕਰਦੇ ਹੋਏ ਈ.ਟੀ.ਟੀ ਨੌਕਰੀ ਲਈ ਯੋਗਤਾ ਬੀ.ਏ ਕੀਤੀ ਗਈ ਸੀ, ਜਦੋਂ ਕਿ ਈ.ਟੀ.ਟੀ ਕਰਨ ਲਈ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਈ.ਟੀ.ਟੀ ਕਰਨ ਲਈ ਘੱਟੋ-ਘੱਟ ਯੋਗਤਾ ਸਿਰਫ਼ 12ਵੀਂ ਰੱਖੀ ਗਈ ਸੀ। ਅਜਿਹੀ ਸਥਿਤੀ ਵਿਚ ਈ.ਟੀ.ਟੀ ਕਰ ਰਹੇ ਇਹ ਅਧਿਆਪਕ ਨੌਕਰੀ ਲਈ ਅਪਲਾਈ ਨਹੀਂ ਕਰ ਸਕੇ, ਉਨ੍ਹਾਂ ਲਈ ਪਹਿਲਾਂ ਬੀ.ਏ ਕਰਨਾ ਲਾਜ਼ਮੀ ਸੀ। ਨੌਕਰੀਆਂ ਹਾਸਲ ਕਰਨ ਵਾਲੀਆਂ ਇਨ੍ਹਾਂ ਈ.ਟੀ.ਟੀ ਟੈੱਟ ਪਾਸ ਅਧਿਆਪਕ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਤੋਂ ਲੈ ਕੇ ਸਿੱਖਿਆ ਮੰਤਰੀਆਂ ਤੱਕ ਦੀ ਕੋਠੀ ਅੱਗੇ ਲਗਾਤਾਰ ਧਰਨੇ ਦਿੱਤੇ ਜਾ ਰਹੇ ਸਨ।
ਇਸ ਦੇ ਨਾਲ ਹੀ ਪੰਜਾਬ ਸਰਕਾਰ 5994 ਈ.ਟੀ.ਟੀ ਦੀਆਂ ਨਵੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਕੈਬਨਿਟ ਦੀ 26 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿਚ ਸਾਰੇ ਉਮੀਦਵਾਰਾਂ ਨੂੰ ਰਾਹਤ ਦਿੱਤੀ ਗਈ ਹੈ, ਕਿ 12ਵੀਂ ਤੋਂ ਬਾਅਦ ਈ.ਟੀ.ਟੀ ਪਾਸ ਕਰਨ ਵਾਲੇ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।