ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਪੁਲਿਸ ਨੂੰ ਮਿਲਿਆ ਸੁਰਾਗ
ਚੰਡੀਗੜ੍ਹ: ਸੈਕਟਰ 31 ਥਾਣਾ ਪੁਲਿਸ ਨੇ ਖਾਕੀ ਵਰਦੀ ਪਹਿਨ ਕੇ ਚੋਰੀ ਕਰਨ ਵਾਲਾ ਬਰਖਾਸਤ ਸਿਪਾਹੀ ਗ੍ਰਿਫ਼ਤਾਰ ਕੀਤਾ ਹੈ। ਚੰਡੀਗੜ੍ਹ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਨੇੜੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਮੁਲਜ਼ਮ ਦਾ ਸੁਰਾਗ ਮਿਲਿਆ। ਮੁਲਜ਼ਮ ਦੀ ਪਛਾਣ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਲਵਪ੍ਰੀਤ ਪੰਜਾਬ ਪੁਲਿਸ ਦਾ ਜਵਾਨ ਸੀ। ਉਸ ਨੂੰ ਅਪਰਾਧਿਕ ਗਤੀਵਿਧੀਆਂ ਲਈ ਬਰਖਾਸਤ ਕਰ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਅਤੇ ਚੋਰੀ ਦੇ ਦੋ ਕੇਸ ਦਰਜ ਹਨ।
ਚੰਡੀਗੜ੍ਹ ਦੇ ਸੈਕਟਰ-38 ਵੈਸਟ ਦੇ ਵਸਨੀਕ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 28 ਅਗਸਤ ਨੂੰ ਦੁਪਹਿਰ 3.30 ਵਜੇ ਉਹ ਮੋਟਰਸਾਈਕਲ ’ਤੇ ਸੈਕਟਰ-22 ਰਾਹੀਂ ਮੁਹਾਲੀ ਸਥਿਤ ਆਪਣੇ ਦਫ਼ਤਰ ਜਾ ਰਿਹਾ ਸੀ। ਜਿਵੇਂ ਹੀ ਉਹ ਸੈਕਟਰ-31/32 ਲਾਈਟ ਪੁਆਇੰਟ ਨੇੜੇ ਪਹੁੰਚਿਆ ਤਾਂ ਇਕ ਵਿਅਕਤੀ ਨੇ ਉਸ ਤੋਂ ਲਿਫਟ ਮੰਗੀ। ਪੀੜਤ ਨੇ ਉਸ ਨੂੰ ਬਾਈਕ 'ਤੇ ਬਿਠਾਇਆ ਅਤੇ ਸੈਕਟਰ-48/49 ਲਾਈਟ ਪੁਆਇੰਟ ਨੇੜੇ ਉਤਾਰ ਦਿੱਤਾ। ਪੀੜਤ ਰਾਕੇਸ਼ ਕੁਮਾਰ ਜਦੋਂ ਮੁਹਾਲੀ ਸਥਿਤ ਆਪਣੇ ਦਫਤਰ ਪਹੁੰਚਿਆ ਤਾਂ ਦੇਖਿਆ ਕਿ ਉਸ ਦੇ ਬੈਗ 'ਚ ਰੱਖਿਆ ਮੋਬਾਇਲ ਫੋਨ ਗਾਇਬ ਸੀ। ਇਸ ਤੋਂ ਬਾਅਦ ਲਿਫਟ ਮੰਗਣ ਵਾਲੇ ਵਿਅਕਤੀ 'ਤੇ ਸ਼ੱਕ ਪੈਦਾ ਕਰਦੇ ਹੋਏ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ।
ਮਾਮਲੇ 'ਚ ਸੈਕਟਰ-31 ਥਾਣਾ ਪੁਲਿਸ ਨੇ ਪੀੜਤ ਰਾਕੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਸੈਕਟਰ-31 ਦੀਆਂ ਹਦਾਇਤਾਂ ’ਤੇ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਨੇ ਲਾਈਟ ਪੁਆਇੰਟ ਤੋਂ ਲੈ ਕੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ 24 ਘੰਟਿਆਂ ਦੇ ਅੰਦਰ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਮੁਲਜ਼ਮ ਕੋਲੋਂ ਪੀੜਤ ਦਾ ਚੋਰੀ ਕੀਤਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਹੈ।