
Punjab News: ਪੁਲਿਸ ਵੱਲੋਂ ਘਟਨਾ ਸਥਾਨ ਉੱਤੇ ਪਹੁੰਚ ਕੇ ਜਾਂਚ ਦੌਰਾਨ 3 ਜਿੰਦਾ ਕਾਰਤੂਸ ਤੇ 7 ਖੋਲ ਵੀ ਬਰਾਮਦ ਕੀਤੇ ਗਏ
Punjab News: ਪੰਜਾਬ ਦੇ ਕਪੂਰਥਲਾ ਦੇ ਪਿੰਡ ਖੁਸਰੋਪੁਰ ਵਿਚ ਅੱਧੀ ਰਾਤ ਨੂੰ ਇੱਕ ਘਰ ਦੇ ਬਾਹਰ ਉਸੇ ਪਿੰਡ ਦੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪੀੜਥ ਵਿਅਕਤੀ ਦੀ ਸ਼ਿਕਾਇਤ ਉੱਤੇ ਥਾਣਾ ਸਦਰ ਪੁਲਿਸ ਨੇ ਇਕ ਆਰੋਪੀ ਦੇ ਖਿਲਾਫ ਧਾਰਾ 307, 336, 506, 120ਬੀ ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਘਟਨਾ ਸਥਾਨ ਉੱਤੇ ਪਹੁੰਚ ਕੇ ਜਾਂਚ ਦੌਰਾਨ 3 ਜਿੰਦਾ ਕਾਰਤੂਸ ਤੇ 7 ਖੋਲ ਵੀ ਬਰਾਮਦ ਕੀਤੇ ਗਏ।
ਇਸ ਦੀ ਪੁਸ਼ਟੀ ਜਾਂਚ ਅਧਿਕਾਰੀ ਏਐਸਆਈ ਜਸਬੀਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਆਰੋਪੀ ਦੀ ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਵਰਿੰਦਰ ਸਿੰਘ ਵਾਸੀ ਖੁਸਰੋਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਗੁਰਵਿੰਦਰ ਸਿੰਘ ਵਾਸੀ ਪਿੰਡ ਖੁਸਰੋਪੁਰ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਪੈਸੇ ਦੇ ਲੈਣ-ਦੇਣ ਦੇ ਚਲਦੇ ਦੋਵਾਂ ਵਿਚ ਝਗੜਾ ਸ਼ੁਰੂ ਹੋ ਗਿਆ ਸੀ। ਦੇਰ ਰਾਤ ਲਗਭਗ 1 ਵਜੇ ਉਸ ਦੇ ਘਰ ਦੇ ਬਾਹਰ ਗੇਟ ਉੱਤੇ ਫਾਇਰਿੰਗ ਕਰਨ ਦੀ ਆਵਾਜ਼ ਆਈ।
ਹਮਲਾਵਰਾਂ ਨੇ ਕਰੀਬ 10 ਫਾਇਰ ਕੀਤੇ। ਜਦੋਂ ਉਹ ਉੱਠੇ ਤੇ ਰੌਲਾ ਪਾਇਆ ਉਦੋਂ ਤੱਕ ਉਹ ਫਰਾਰ ਹੋ ਚੁੱਕੇ ਸਨ। ਪੀੜਤ ਨੇ ਇਹ ਵੀ ਦੱਸਿਆ ਕਿ ਉਸਦੇ ਪਿੰਡ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨੇ ਹੀ ਅਣਪਛਾਤੇ ਲੋਕਾਂ ਦੇ ਨਾਲ ਮਿਲ ਕੇ ਮੇਰੇ ਘਰ ਉੱਤੇ ਫਾਇਰਿੰਗ ਕਰਵਾਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਿਸ ਮੌਕੇ ਉਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਮੌਕੇ ਤੋਂ 3 ਜਿੰਦਾ ਕਾਰਤੂਸ ਤੇ 7 ਖੋਲ ਬਰਾਮਦ ਕੀਤੇ ਹਨ।
ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ਉੱਤੇ ਆਰੋਪੀ ਗੁਰਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਆਰੋਪੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।