
ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲਿ੍ਹਆਂ ਲਈ ਅਲਰਟ ਜਾਰੀ
Punjab floods news : ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਇੱਕ ਹਫ਼ਤੇ ਦੌਰਾਨ ਕਰੀਬ ਦੋ ਦਰਜਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਸੈਂਕੜੇ ਲੋਕਾਂ ਨੂੰ ਪਾਣੀ ’ਚ ਵਹਿਣ ਤੋਂ ਮੌਕੇ ’ਤੇ ਬਚਾਅ ਲਿਆ ਗਿਆ। ਸੂਬੇ ਦੇ ਅੱਠ ਜ਼ਿਲ੍ਹੇ ਹੜ੍ਹਾਂ ਦੀ ਲਪੇਟ ’ਚ ਆ ਚੁੱਕੇ ਹਨ ਅਤੇ ਸੈਂਕੜੇ ਪਿੰਡਾਂ ’ਚ ਹਾਲੇ ਵੀ ਲੋਕ ਫਸੇ ਹੋਏ ਹਨ। ਇਨ੍ਹਾਂ ਜ਼ਿਲਿ੍ਹਆਂ ’ਚ ਹੁਣ ਤੱਕ ਕਰੀਬ 16 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। ਉਧਰ ਘੱਗਰ ’ਚ ਇਕਦਮ ਪਾਣੀ ਦਾ ਪੱਧਰ ਵਧਣ ਮਗਰੋਂ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲਿ੍ਹਆਂ ਵਿੱਚ ਚਿਤਾਵਨੀ ਜਾਰੀ ਕੀਤੀ ਗਈ ਹੈ।
ਬਰਨਾਲਾ ’ਚ ਇੱਕ ਵਿਅਕਤੀ ਦੀ ਭਾਰੀ ਮੀਂਹ ਪੈਣ ਕਰਕੇ ਘਰ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਮਾਧੋਪੁਰ ਹੈੱਡ ਵਰਕਸ ’ਤੇ ਇੱਕ ਚਾਰਜਮੈਨ ਪਾਣੀ ’ਚ ਰੁੜ੍ਹ ਗਿਆ ਸੀ। ਜਾਣਕਾਰੀ ਅਨੁਸਾਰ ਪਠਾਨਕੋਟ ’ਚ ਹੁਣ ਤੱਕ ਅੱਠ, ਜਦਕਿ ਹੁਸ਼ਿਆਰਪੁਰ ’ਚ 7 ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਬਰਨਾਲਾ ’ਚ ਤਿੰਨ, ਗੁਰਦਾਸਪੁਰ ’ਚ ਦੋ ਅਤੇ ਰੋਪੜ ’ਚ ਤਿੰਨ ਲੋਕਾਂ ਦੀ ਜਾਨ ਗਈ ਹੈ। ਗੈਰ-ਸਰਕਾਰੀ ਸੂਤਰਾਂ ਅਨੁਸਾਰ ਮੌਤਾਂ ਦਾ ਅੰਕੜਾ 40 ਦੇ ਕਰੀਬ ਹੈ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਵੇਰਵਿਆਂ ਅਨੁਸਾਰ ਡੇਰਾ ਬਾਬਾ ਨਾਨਕ ਦੇ ਪਿੰਡ ਰਹੀਮਾਬਾਦ ’ਚ ਦੋ ਨੌਜਵਾਨ ਪਾਣੀ ’ਚ ਰੁੜ੍ਹ ਗਏ, ਜਿਨ੍ਹਾਂ ’ਚੋਂ ਸਥਾਨਕ ਲੋਕਾਂ ਨੇ ਇੱਕ ਨੌਜਵਾਨ ਨੂੰ ਬਚਾਅ ਲਿਆ, ਜਦਕਿ ਦੂਜਾ ਨੌਜਵਾਨ ਵਿਨੈ ਕੁਮਾਰ ਲਾਪਤਾ ਹੈ।
ਉਧਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਸੂਬਾ ਸਰਕਾਰ ਤੇ ਵਿਰੋਧੀ ਧਿਰਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ। ਅੱਠ ਜ਼ਿਲਿ੍ਹਆਂ ’ਚ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਲੀਹੋ ਲਹਿ ਚੁੱਕੀ ਹੈ। ਬੇਸ਼ੱਕ ਹੁਣ ਮੀਂਹ ਰੁਕਿਆ ਹੋਇਆ ਹੈੈ ਪਰ ਦਰਿਆਵਾਂ ’ਚ ਹਾਲੇ ਪਾਣੀ ਦਾ ਪੱਧਰ ਨਹੀਂ ਘਟਿਆ ਹੈ।