
ਐਨ.ਡੀ.ਆਰ.ਐਫ. ਦੀਆਂ ਟੀਮਾਂ ਵੱਲੋਂ ਨੌਜਵਾਨ ਦੀ ਕੀਤੀ ਜਾ ਰਹੀ ਹੈ ਭਾਲ
Vinay Kumar news : ਕਲਾਨੌਰ ਦੇ ਪਿੰਡ ਤਲਵੰਡੀ ਗੁਰਾਇਆ ਵਿਖੇ ਪਾਣੀ ’ਚ ਫਸੇ ਲੋਕਾਂ ਨੂੰ ਕੱਢਣ ਗਿਆ ਨੌਜਵਾਨ ਖੁਦ ਪਾਣੀ ਵਿਚ ਡੁੱਬ ਗਿਆ। ਜਦਕਿ ਉਸਦਾ ਦੋਸਤ ਜੋ ਪਾਣੀ ’ਚ ਡਿੱਗਣ ਤੋਂ ਬਾਅਦ ਕੋਠੇ ਦੀ ਛੱਤ ’ਤੇ ਫਸਿਆ ਸੀ ਨੂੰ ਸੁਰੱਖਿਅਤ ਥਾਂ ’ਤੇ ਲਿਆਂਦਾ ਗਿਆ। ਇਸ ਸਬੰਧੀ ਬਨਾਰਸੀ ਦਾਸ, ਰਾਜੇਸ਼ ਕੁਮਾਰ ਟੋਨੀ, ਸੁਖਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਵਿਨੇ ਕੁਮਾਰ ਬਿੱਕਾ ਆਪਣੇ ਦੋਸਤਾਂ ਸਮੇਤ ਪਾਣੀ ਦੀ ਲਪੇਟ ’ਚ ਆਏ ਪਿੰਡ ਤਲਵੰਡੀ ਦੇ ਲੋਕਾਂ ਨੂੰ ਪਾਣੀ ’ਚੋਂ ਕੱਢਣ ਦੀ ਸੇਵਾ ਕਰਨ ਜਾ ਰਿਹਾ ਸੀ। ਇਸ ਦੌਰਾਨ ਵਿਨੇ ਕੁਮਾਰ ਬਿੱਕਾ ਅਤੇ ਉਸ ਦੇ ਦੋਸਤ ਦਾ ਪੈਰ ਫਿਸਲਣ ਕਰਕੇ ਉਹ ਪਾਣੀ ’ਚ ਡਿੱਗ ਗਏ।
ਇਸ ਦੌਰਾਨ ਵਿਨੇ ਲਾਪਤਾ ਹੋ ਗਿਆ ਜਦਕਿ ਉਸਦਾ ਦੂਸਰਾ ਸਾਥੀ ਥੋੜ੍ਹੀ ਦੂਰ ਇੱਕ ਕੋਠੇ ਦੀ ਛੱਤ ’ਤੇ ਚੜ੍ਹ ਗਿਆ। ਪਾਣੀ ਵਿੱਚ ਡੁੱਬੇ ਨੌਜਵਾਨ ਦੀ ਭਾਲ ਲਈ ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸਐੱਚਓ ਤੋਂ ਮੰਗ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਸਹਿਯੋਗ ਨਾ ਦਿੱਤਾ ਗਿਆ ਜਿਸ ਦਾ ਕਲਾਨੌਰ ਦੇ ਵਾਸੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ। ਐੱਨ.ਡੀ.ਆਰ.ਐੱਫ ਵੱਲੋਂ ਪਾਣੀ ਵਿੱਚ ਡੁੱਬੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਪਰ ਹਾਲੇ ਨੌਜਵਾਨ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਪਾਣੀ ’ਚ ਡੁੱਬਿਆ ਨੌਜਵਾਨ ਵਿਨੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਅਤੇ ਉਸਦਾ ਪਿਤਾ ਨਾਨਕ ਚੰਦ ਮਣੀ ਮਹੇਸ਼ ਦੀ ਯਾਤਰਾ ’ਤੇ ਗਿਆ ਹੋਇਆ ਹੈ।