
ਆਰਡੀਨੈਂਸ ਦੇ ਮੁੱਦੇ 'ਤੇ ਕੈਪਟਨ ਨੇ ਅੰਨਦਾਤਾ ਨੂੰ ਦਿਤਾ ਧੋਖਾ : ਸੁਖਬੀਰ ਸਿੰਘ ਬਾਦਲ
ਵਿਧਾਨ ਸਭਾ ਵਿਚ ਆਰਡੀਨੈਂਸ ਰੱਦ ਕਰਨ ਵਾਲਾ ਪਾਸ ਕੀਤਾ ਮਤਾ ਕੇਂਦਰ ਸਰਕਾਰ ਨੂੰ ਨਾ ਭੇਜਣਾ ਡੂੰਘੀ ਸਾਜਸ਼
ਮੋਗਾ, 29 ਸਤੰਬਰ ( ਹਰਬੰਸ ਢਿੱਲੋਂ /ਗੁਰਜੰਟ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਬਾਰੇ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਨ ਲਈ 28 ਅਗਸਤ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਪਾਸ ਕੀਤਾ ਮਤਾ ਕੇਂਦਰ ਸਰਕਾਰ ਨੂੰ ਨਾ ਭੇਜ ਕੇ 'ਅੰਨਦਾਤਾ' ਨਾਲ ਵੱਡਾ ਧੋਖਾ ਕੀਤਾ ਹੈ।
ਮੋਗਾ ਵਿਖੇ ਜਥੇਦਾਰ ਤੋਤਾ ਸਿੰਘ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਕਿਸਾਨਾਂ ਨੂੰ ਦੱਸਣ ਕਿ ਜੇਕਰ ਉਨ੍ਹਾਂ ਨੇ ਮਤਾ, ਸੰਸਦ ਅਤੇ ਕੇਂਦਰ ਸਰਕਾਰ ਨੂੰ ਭੇਜਣਾ ਹੀ ਨਹੀਂ ਸੀ ਤਾਂ ਫਿਰ ਇਹ ਵਿਸ਼ੇਸ਼ ਇਜਲਾਸ ਵਿਚ ਪਾਸ ਕਿਸ ਮਕਸਦ ਵਾਸਤੇ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਮਤਾ 12 ਦਿਨਾਂ ਬਾਅਦ ਵਿਧਾਨ ਸਭਾ ਤੋਂ ਮੁੱਖ ਸਕੱਤਰ ਦੇ ਦਫ਼ਤਰ ਭੇਜਿਆ ਗਿਆ ਜਦਕਿ ਇਹ ਦਫ਼ਤਰ ਵਿਧਾਨ ਸਭਾ ਦੇ ਬਿਲਕੁਲ ਨਾਲ ਹੈ। ਉਨ੍ਹਾਂ ਕਿਹਾ ਕਿ ਹੁਣ 20 ਦਿਨਾਂ ਤੋਂ ਇਹ ਮੁੱਖ ਸਕੱਤਰ ਦੇ ਟੇਬਲ 'ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਨਾ ਸਿਰਫ ਕਾਂਗਰਸ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਪਰਵਾਹੀ ਤੇ ਰੁੱਖੇਪਨ ਦਾ ਪਤਾ ਚਲਦਾ ਹੈ ਬਲਕਿ ਇਸ ਨਾਲ ਇਸ ਕੇਸ ਵਿਚ ਨਿਆਂ ਹਾਸਲ ਕਰਨ ਦੇ ਟੀਚੇ ਨੂੰ ਰੋਕਣ ਲਈ ਡੂੰਘੀ ਸਾਜਸ਼ ਵੀ ਬੇਨਕਾਬ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਮੈਂ ਕਿਸਾਨ ਸੰਗਠਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੁੱਖ ਮੰਤਰੀ ਨੂੰ ਆਖਣ ਕਿ ਪਹਿਲਾਂ ਉਹ ਅਪਣੀ ਛੁਪਣਗਾਹ ਵਿਚੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਲਈ ਟੀਚਾ ਹਾਸਲ ਕਰਨ ਵਾਸਤੇ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਹੈ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਨਾਲ ਡੱਟ ਕੇ ਖੜਾ ਹੋਵੇਗਾ। ਇਸ ਤੋਂ ਪਹਿਲਾਂ ਗੁਰਦੁਆਰਾ ਬੀਬੀ ਕਾਹਨ ਕੌਰ ਵਿਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ
ਕਿਹਾ ਕਿ ਮੁੱਖ ਮੰਤਰੀ ਇਸ ਗੱਲ ਦਾ ਜਵਾਬ ਦੇਣ ਕਿ ਉਨ੍ਹਾਂ ਨੇ 2017 ਵਿਚ ਏ ਪੀ ਐਮ ਸੀ ਐਕਟ ਵਿਚ ਸੋਧ ਕਰ ਕੇ ਧੋਖੇਬਾਜ਼ੀ ਕਿਉਂ ਕੀਤੀ। ਉਨ੍ਹਾਂ ਕਿਹਾ ਕਿ ਇਸ ਸੋਧ ਨਾਲ ਪ੍ਰਾਈਵੇਟ ਮੰਡੀਆਂ, ਕਾਂਟਰੈਕਟ ਫਾਰਮਿੰਗ ਤੇ ਈ ਟਰੇਡਿੰਗ ਨੂੰ ਕਾਨੂੰਨੀ ਮਾਨਤਾ ਮਿਲ ਗਈ ਜਦਕਿ ਇਹਨਾਂ ਮੱਦਾਂ ਵਿਰੁਧ ਹੀ ਕਿਸਾਨ ਮੌਜੂਦਾ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਲੇ ਸੰਘਰਸ਼ ਦਾ ਐਲਾਨ 1 ਅਕਤੂਬਰ ਨੂੰ ਕਿਸਾਨ ਮਾਰਚ ਤੋਂ ਬਾਅਦ ਕੀਤਾ ਜਾਵੇਗਾ। ਮਾਰਚ ਵਿਚ ਹਜ਼ਾਰਾਂ ਲੋਕ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਤਲਵੰਡੀ ਸਾਬੋ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੁਹਾਲੀ ਵਲ ਆਉਣਗੇ।
ਇਸ ਮੌਕੇ ਜਥੇਦਾਰ ਤੋਤਾ ਸਿੰਘ, ਬਰਜਿੰਦਰ ਬਰਾੜ ਮੱਖਣ, ਤੀਰਥ ਸਿੰਘ ਮਾਹਲਾ, ਅਕਸ਼ਿਤ ਜੈਨ, ਭੁਪਿੰਦਰ ਸਿੰਘ ਸਾਹੋਕੇ, ਚਰਨਜੀਤ ਝੰਡੇਆਣਾ, ਛਿੰਦਰ ਸਿੰਘ ਗਿੱਲ, ਗੁਰਦੇਵ ਸਿੰਘ ਮਟਵਾਨੀ, ਮਨਜੀਤ ਧੰਮੂ, ਪ੍ਰੇਮimage ਚੱਕੀਵਾਲਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
ਫੋਟੋ ਨੰਬਰ 29 ਮੋਗਾ ਹਰਬੰਸ ਢਿੱਲੋਂ / ਗੁਰਜੰਟ ਸਿੰਘ 06 ਪੀ