
ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਫੰਡ ’ਚੋਂ ਪੰਜਾਬ ਨੂੰ ਹਾਲੇ ਤੱਕ ਫੁੱਟੀ ਕੌਡੀ ਨਹੀਂ ਹੋਈ ਹਾਸਲ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਵੱਲੋਂ ਅੱਜ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ’ਚ ਆਏ ਭਿਆਨਕ ਹੜ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲੀ ਵਾਰ ਕੇਂਦਰ ਤੋਂ ਸਹਾਇਤਾ ਦੀ ਲੋੜ ਪਈ ਸੀ ਪਰ ਇਸ ਸੰਕਟ ਦੇ ਸਮੇਂ ਵੀ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪੰਜਾਬ ਦੀ ਬਾਂਹ ਨਹੀਂ ਫੜੀ ਬਲਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਸਥਿਤੀ ਦਾ ਮਜ਼ਾਕ ਉਡਾਇਆ ਗਿਆ। ਉਨ੍ਹਾਂ ਕਿਹਾ ਪੰਜਾਬ ਅਨੇਕਾਂ ਦਾ ਸੰਕਟਾਂ ਦਾ ਸਾਹਮਣਾ ਕਰ ਚੁੱਕਿਆ ਹੈ ਪਰ ਪੰਜਾਬ ਨੇ ਕਦੇ ਵੀ ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਦੇ ਬਦਲੇ ਕੇਂਦਰ ਸਰਕਾਰ ਕੋਲੋਂ 20 ਹਜ਼ਾਰ ਕਰੋੜ ਰੁਪਏ ਦੇ ਰਾਹਤ ਫੰਡ ਦੀ ਮੰਗ ਕੀਤੀ। ਪਰ ਪੰਜਾਬ ਦੌਰ ’ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਸਿਰਫ਼ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ। ਇਸ ਰਾਹਤ ਪੈਕੇਜ ਵਿਚੋਂ ਵੀ ਪੰਜਾਬ ਨੂੰ ਹੁਣ ਤੱਕ ਫੁੱਟੀ ਕੌਡੀ ਵੀ ਨਸੀਬ ਨਹੀਂ ਹੋਈ।
ਇਸ ਮੌਕੇ ਉਨ੍ਹਾਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਧੁੱਸੀ ਬੰਨ੍ਹ ਦੇ ਅੰਦਰ ਜ਼ਮੀਨ ਇਸ ਲਈ ਖਰੀਦੀ ਹੈ ਤਾਂ ਜੋ ਉਹ ਮਾਈਨਿੰਗ ਕਰ ਸਕਣ। ਕਿਉਂਕਿ ਹੜ੍ਹਾਂ ਤੋਂ ਬਾਅਦ ਇਥੇ ਬਹੁਤ ਮਿੱਟੀ ਅਤੇ ਰੇਤ ਆ ਜਾਂਦੀ ਹੈ। ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ’ਤੇ ਪੰਜਾਬ ਸਰਕਾਰ ਦਾ ਸਾਥ ਨਾ ਦੇਣ ਦਾ ਆਰੋਪ ਵੀ ਲਗਾਇਆ।