
'ਯੂਅਰ ਆਨਰ' ਵੈਬ ਸੀਰੀਜ਼ ਤੇ ਸੋਨੀ ਲਿਵ ਨੂੰ ਹਾਈ ਕੋਰਟ ਵਲੋਂ ਨੋਟਿਸ
ਨਿਆਪਾਲਿਕਾ ਦੇ ਅਕਸ ਨੂੰ ਢਾਹ ਲਾਉਣ ਦਾ ਹੈ ਦੋਸ਼
ਚੰਡੀਗੜ੍ਹ, 29 ਅਕਤੂਬਰ (ਸੁਰਜੀਤ ਸਿੰਘ ਸੱਤੀ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਨੀ ਲਿਵ 'ਤੇ ਪ੍ਰਸਾਰਤ ਹੁੰਦੀ ਵੈਬ ਸੀਰੀਜ਼ 'ਯੂਅਰ ਆਨਰ' ਕਾਰਨ ਕੇਂਦਰ ਸਰਕਾਰ ਤੇ ਪ੍ਰੋਡੀਊਸਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਮੁਹਾਲੀ ਦੇ ਵਕੀਲ ਸੁਖਚਰਣ ਸਿੰਘ ਗਿੱਲ ਨੇ ਐਡਵੋਕੇਟ ਹਰਲਵ ਸਿੰਘ ਰਾਜਪੂਤ ਰਾਹੀਂ ਦਾਖ਼ਲ ਲੋਕਹਿਤ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਸੀ ਕਿ ਇਸ ਸੀਰੀਜ਼ ਨਾਲ ਨਿਆਪਾਲਿਕਾ ਦੇ ਅਕਸ਼ ਨੂੰ ਢਾਹ ਲੱਗ ਰਹੀ ਹੈ। ਇਹ ਪਟੀਸ਼ਨ ਪਹਿਲਾਂ ਇਕਹਿਰੀ ਬੈਂਚ ਕੋਲ ਸੁਣਵਾਈ ਹਿਤ ਆਈ ਸੀ ਪਰ ਬੈਂਚ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸੁਣਵਾਈ ਦੋਹਰੀ ਬੈਂਚ ਮੁਹਰੇ ਕਰਨ ਦੀ ਗੱਲ ਕਹੀ ਸੀ ਤੇ ਅੱਜ ਚੀਫ਼ ਜਸਟਿਸ ਦੀ ਡਵੀਜਨ ਬੈਂਚ ਨੇ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਹੈ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਅਜਿਹੀਆਂ ਵੈਬ ਸੀਰੀਜ਼ਾਂ ਵਿਖਾਉਣ ਵਾਲੇ ਆਨ ਲਾਈਨ ਪਲੈਟਫ਼ਾਰਮਾਂ 'ਤੇ ਹਿੰਸਾ ਤੇ ਅਸ਼ਲੀਲ ਭਰੀ ਇਤਰਾਜ਼ਯੋਗ ਸਮੱਗਰੀ ਵਿਖਾਈ ਜਾਂਦੀ ਹੈ। ਇਸੇ ਤਰ੍ਹਾਂ ਸੋਨੀ ਲਿਵ 'ਤੇ ਯੂਅਰ ਆਨਰ ਸੀਰੀਜ਼ ਵਿਖਾਈ ਜਾ ਰਹੀ ਹੈ, ਜਿਸ ਵਿਚ ਨਿਆਪਾਲਿਕਾ ਬਾਰੇ ਕਾਫੀ ਕੁਝ ਇਤਰਾਜਯੋਗ ਸਮੱਗਰੀ ਹੈ, ਜਿਸ ਨਾਲ ਨਿਆਪਾਲਿਕਾ ਦੇ ਅਕਸ਼ ਨੂੰ ਢਾਹ ਲੱਗ ਰਹੀ ਹੈ, ਲਿਹਾਜਾ ਇਹ ਸੀਰੀਜ਼ ਬੰਦ ਕੀਤੀ ਜਾਣੀ ਚਾਹੀਦੀ ਹੈ।