
'ਆਪ' ਦੀ ਸਰਕਾਰ ਬਣਨ 'ਤੇ ਹਰ ਵਪਾਰੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੋਵੇਗੀ : ਕੇਜਰੀਵਾਲ
ਬਠਿੰਡਾ, 29 ਅਕਤੂਬਰ (ਸੁਖਜਿੰਦਰ ਮਾਨ) : ਕਰੀਬ ਢਾਈ ਸਾਲਾਂ ਬਾਅਦ ਬਠਿੰਡਾ ਪੱਟੀ ਦੇ ਦੌਰੇ 'ਤੇ ਪੁੱਜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਤੋਂ ਬਾਅਦ ਇਕ ਅਪ੍ਰੈਲ ਤੋਂ ਬਾਅਦ ਵਪਾਰੀਆਂ ਨੂੰ ਹਰ ਪੱਖ ਤੋਂ ਸੁਰੱਖਿਆ ਦੇਣ ਦਾ ਭਰੋਸਾ ਦਿਤਾ ਹੈ |
ਸਥਾਨਕ ਸ਼ਹਿਰ ਦੇ ਇਕ ਪੈਲੇਸ 'ਚ ਇਲਾਕੇ ਦੇ ਵਪਾਰੀਆਂ ਨਾਲ ਕੀਤੀ ਚਰਚਾ ਦੌਰਾਨ ਕੇਜਰੀਵਾਲ ਨੇ ਪੰਜਾਬ 'ਚ ਫੈਲੇ ਭਿ੍ਸ਼ਟਾਚਾਰ, ਅਪਰਾਧ ਅਤੇ ਇੰਸਪੈਕਟਰੀ ਅਤੇ ਮਾਫ਼ੀਆ ਰਾਜ 'ਤੇ ਚੋਟ ਕਰਦਿਆਂ ਐਲਾਨ ਕੀਤਾ ਕਿ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਨੂੰ ਅਪਰਾਧੀਆਂ, ਗੁੰਡਿਆਂ, ਭਿ੍ਸ਼ਟਾਚਾਰੀਆਂ ਨੂੰ ਇੰਸਪੈਕਟਰੀ ਰਾਜ ਤੋਂ ਮੁਕਤ ਕਰ ਦਿਤਾ ਜਾਵੇਗਾ ਅਤੇ ਦਿੱਲੀ ਵਾਂਗ ਪੰਜਾਬ ਵਿਚ ਵੀ ਇਕ ਇਮਾਨਦਾਰ ਸਰਕਾਰ ਦੇਵਾਂਗੇ |
ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਸਮੁੱਚਾ ਕਾਰੋਬਾਰੀ ਜਗਤ ਪੰਜਾਬ 'ਚ ਬਣਨ ਵਾਲੀ 'ਆਪ' ਦੀ ਇਮਾਨਦਾਰ ਸਰਕਾਰ 'ਚ ਹਿੱਸੇਦਾਰ ਬਣੇ | ਉਨ੍ਹਾਂ ਕਿਹਾ ਕਿ ਅਸੀਂ ਹੋਰਨਾਂ ਪਾਰਟੀਆਂ ਵਾਂਗ ਵਪਾਰੀਆਂ ਕੋਲੋਂ ਪੈਸੇ ਲੈਣ ਨਹੀਂ, ਸਗੋਂ ਸਹਿਯੋਗ ਮੰਗਣ ਅਤੇ ਸਰਕਾਰ 'ਚ ਹਿੱਸੇਦਾਰ ਬਣਾਉਣ ਆਏ ਹਾਂ, ਕਿਉਂ ਜੋ ਪੰਜਾਬ ਨੂੰ ਵਖਰੇ ਤੌਰ 'ਤੇ ਸਥਾਪਤ ਕਰਨਾ ਹੈ ਅਤੇ ਵਿਕਾਸ ਦੇ ਸਿਖਰ ਤਕ ਲੈ ਕੇ ਜਾਣਾ ਹੈ |
ਇਸ ਮੌਕੇ 'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ, ''ਦੇਸ਼ 'ਚ ਸਥਾਪਤ ਸਰਕਾਰਾਂ ਵਪਾਰੀਆਂ, ਆੜ੍ਹਤੀਆਂ ਅਤੇ ਉਦਯੋਗਪਤੀਆਂ ਨੂੰ ਚੋਰ ਸਮਝਦੀਆਂ ਹਨ, ਜਦਕਿ ਇਹੀ ਲੋਕ ਸੱਭ ਤੋਂ ਵੱਧ ਟੈਕਸ ਅਦਾ ਕਰਦੇ ਹਨ | ਕਾਰੋਬਾਰੀ ਇਮਾਨਦਾਰ ਸਰਕਾਰ ਨੂੰ ਖ਼ੁਸ਼ੀ ਨਾਲ ਟੈਕਸ ਦਿੰਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਇਸ ਟੈਕਸ ਦਾ ਲਾਭ ਕਿਸੇ ਨਾ ਕਿਸੇ ਰੂਪ 'ਚ ਉਸ ਨੂੰ ਜਾਂ ਉਸ ਦੇ ਪਰਵਾਰ ਨੂੰ ਮਿਲੇਗਾ |'' ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਵਿਚ ਟੈਕਸ ਘਟਾਏ, ਇੰਸਪੈਕਟਰੀ ਰਾਜ ਖ਼ਤਮ ਕੀਤਾ ਅਤੇ ਫ਼ੈਕਟਰੀਆਂ ਲਈ ਬਿਜਲੀ, ਪਾਣੀ ਤੇ ਹੋਰ ਲੋੜਾਂ ਦੀ ਪੂਰਤੀ ਕੀਤੀ | ਇਸ ਕਾਰਨ ਅੱਜ ਦਿੱਲੀ ਵਿਚ ਉਦਯੋਗ, ਵਪਾਰ ਅਤੇ ਹੋਰ ਕਾਰੋਬਾਰ ਤਰੱਕੀਆਂ ਕਰ ਰਹੇ ਹਨ |
ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਰਾਘਵ ਚੱਢਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਜ਼ਿਲ੍ਹਾ ਪ੍ਰਧਾਨ ਨੀਲ ਗਰਗ, ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ, ਬਲਕਾਰ ਸਿੰਘ ਸਿੱਧੂ ਤੋਂ ਇਲਾਵਾ ਵਪਾਰੀ ਆਗੂ ਅਨਿਲ ਠਾਕੁਰ, ਨਵਦੀਪ ਸਿੰਘ ਜੀਦਾ, ਅੰਮਿ੍ਤ ਲਾਲ ਅਗਰਵਾਲ, ਗੁਰਜੰਟ ਸਿੰਘ ਸਿਵੀਆ, ਅਮਰਦੀਪ ਸਿੰਘ ਰਾਜਨ, ਮਨਦੀਪ ਕੌਰ ਰਾਮਗੜ੍ਹੀਆ, ਮਨਜੀਤ ਸਿੰਘ ਲਹਿਰਾ ਆਦਿ ਹਾਜ਼ਰ ਸਨ |
ਇਸ ਖ਼ਬਰ ਨਾਲ ਸਬੰਧਤ ਫੋਟੋ 29 ਬੀਟੀਆਈ 04 ਵਿਚ ਭੇਜੀ ਜਾ ਰਹੀ ਹੈ |