
ਮੁੱਖ ਮੰਤਰੀ ਨੇ ਦੂਜੇ ਦਿਨ ਵੀ ਦਿੱਲੀ 'ਚ ਹਾਈਕਮਾਨ ਆਗੂਆਂ ਨਾਲ ਵਿਚਾਰ-ਵਟਾਂਦਰਾ ਜਾਰੀ ਰਖਿਆ
ਚੰਡੀਗੜ੍ਹ, 29 ਅਕਤੂਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਤੇ ਪਾਰਟੀ ਦੇ ਮਾਮਲਿਆਂ ਨੂੰ ਲੈ ਕੇ ਦੋ ਦਿਨਾਂ ਤੋਂ ਲਗਾਤਾਰ ਪਾਰਟੀ ਹਾਈਕਮਾਨ ਦੇ ਆਗੂਆਂ ਨਾਲ ਵਿਚਾਰ ਵਟਾਂਦਰੇ ਕਰ ਰਹੇ ਹਨ | ਬੀਤੇ ਦਿਨੀ ਚੰਨੀ ਰਾਹੁਲ ਗਾਂਧੀ ਤੋਂ ਇਲਾਵਾ ਹਰੀਸ਼ ਚੌਧਰੀ ਤੇ ਕੇ.ਸੀ. ਵੇਣੂਗੋਪਾਲ ਨਾਲ ਗੱਲਬਾਤ ਕੀਤੀ ਸੀ |
ਜ਼ਿਕਰਯੋਗ ਹੈ ਕਿ ਅੱਜ ਚੰਨੀ ਨੇ ਮੁੜ ਦਿੱਲੀ ਪਹੁੰਚ ਕੇ ਕਈ ਕਾਂਗਰਸ ਆਗੂਆਂ ਨਾਲ ਸਰਕਾਰ ਦੇ ਅਹਿਮ ਮਸਲਿਆਂ ਦੇ ਹੱਲ ਲਈ ਵਿਚਾਰ ਚਰਚਾ ਦਾ ਸਿਲਸਿਲਾ ਜਾਰੀ ਰਖਿਆ | ਅੱਜ ਉਨ੍ਹਾਂ ਨਾਲ ਪੰਜਾਬ ਕਾਂਰਗਸ ਪ੍ਰਧਾਨ ਨਵਜੋਤ ਸਿੱਧੂ ਦੇ ਮੁੱਖ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫਾ ਵੀ ਦਿੱਲੀ ਗਏ | ਚੰਨੀ ਨੇ ਅੱਜ ਪਾਰਟੀ ਹਾਈਕਮਾਨ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਅਤੇ ਅਜੇ ਮਾਕਨ ਨਾਲ ਮੁਲਾਕਾਤ ਕੀਤੀ | ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੀ ਚੰਨੀ ਨਾਲ ਦਿੱਲੀ 'ਚ ਮੌਜੂਦ ਹਨ |
ਮੁਹੰਮਦ ਮੁਸਤਫਾ ਦਾ ਚੰਨੀ ਨਾਲ ਜਾਣਾ ਸਾਫ਼ ਸਕੰਤੇ ਕਰਦਾ ਹੈ ਕਿ ਹੁਣ ਪਾਰਟੀ ਤੇ ਸਰਕਾਰ 'ਚ ਤਾਲਮੇਲ ਨਾਲ ਕੰਮ ਚਲ ਰਿਹਾ ਹੈ | ਪੰਜਾਬ ਵਿਧਾਨ ਸਭਾ ਸੈਸ਼ਨ ਦੀ ਰਣਨੀਤੀ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਜਾਣ ਵਾਲੀ ਨਵੀਂ ਪਾਰਟੀ ਤੇ ਭਾਜਪਾ ਨਾਲ ਤਾਲਮੇਲ ਕਰਨ ਬਾਅਦ ਬਨਣ ਵਾਲੀ ਸਥਿਤੀ 'ਤੇ ਵੀ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ | ਵਿਧਾਨ ਸਭਾ ਦੇ 8 ਨਵੰਬਰ ਦੇ ਵਿਸ਼ੇਸ਼ ਸੈਸ਼ਨ 'ਚ ਬੀ.ਐਸ.ਐਫ਼ ਦੇ ਅਧਿਕਾਰ ਖੇਤਰ ਨੂੰ ਵਧਾਉਣ ਅਤੇ ਖੇਤੀ ਬਿਲਾਂ ਨੂੰ ਰੱਕ ਕਰਨ ਬਾਰੇ ਤਾਂ ਪ੍ਰਸਤਾਵ ਆਉਣੇ ਹੀ ਹਨ ਪਰ ਹੁਣ ਬਿਜਲੀ ਸਮਝੌਤਿਆਂ ਨੂੰ ਵੀ ਇਸੇ ਸੈਸ਼ਨ 'ਚ ਰੱਦ ਕਰਨ ਦਾ ਪ੍ਰਸਤਾਵ ਲਿਆਉਣ ਦੀ ਵੀ ਗੱਲ ਤੁਰ ਪਈ ਹੈ | ਦਿੱਲੀ 'ਚ ਕੁੱਝ ਮਾਹਰਾਂ ਤੇ ਵਕੀਲਾਂ ਨਾਲ ਵੀ ਚੰਨੀ ਨੇ ਇਨ੍ਹਾਂ ਸਮਝੌਤਿਆਂ ਦੀ ਕਾਨੂੰਨੀ ਸਥਿਤੀ ਨੂੰ ਲੈ ਕੇ ਚਰਚਾ ਕੀਤੀ ਹੈ | ਇਸ ਤੋਂ ਇਲਾਵਾ ਬੇਅਦਬੀ ਦੇ ਮਾਮਲਿਆਂ 'ਚ ਕਾਰਵਾਈ ਅਤੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਵੀ ਮੁੱਖ ਮੰਤਰੀ ਹਾਈਕਮਾਨ ਨਾਲ ਮੰਥਨ ਕਰ ਰਹੇ ਹਨ | ਇਹ ਮੁੱਦੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪਿਛਲੇ ਦਿਨੀਂ ਸੋਨੀਆ ਗਾਂਧੀ ਸਾਹਮਣੇ ਚੁੱਕੇ ਸਨ |