
ਦਿੱਲੀ ਘੇਰਨ ਆਏ ਹਾਂ, ਦਿੱਲੀ 'ਚ ਘਿਰਨ ਨਹੀਂ
ਕਿਸਾਨਾਂ ਨੇ ਅਮਿਤ ਸ਼ਾਹ ਦੀ ਮੰਗ ਠੁਕਰਾਈ ਤੇ ਕਿਹਾ, 8 ਮੰਗਾਂ ਮੰਨੋ, ਫਿਰ ਇਥੋਂ ਹਿਲਾਂਗੇ
ਚੰਡੀਗੜ੍ਹ, 29 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਪੇਸ਼ਕਸ਼ ਠੁਕਰਾ ਦਿਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿਚ ਧਰਨਾ ਤਬਦੀਲ ਕਰਨ ਦੇ ਅਗਲੇ ਹੀ ਦਿਨ ਹਰ ਮਸਲੇ ਉਤੇ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ ਪਰ ਕਿਸਾਨ ਜਥੇਬੰਦੀਆਂ ਨੇ ਅੱਜ ਮੀਟਿੰਗ ਵਿਚ ਇਸ ਪੇਸ਼ਕਸ਼ ਨੂੰ ਠੁਕਰਾ ਦਿਤਾ ਹੈ। ਕਿਸਾਨਾਂ ਨੇ ਨਾਲ ਹੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿਤਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਵਿਚ ਸਿੰਘੂ ਬਾਰਡਰ, ਬਹਾਦਰਗੜ੍ਹ ਬਾਰਡਰ, ਜੈਪੁਰ ਦਿੱਲੀ ਹਾਈਵੇਅ, ਮਥੂਰਾ ਆਗਰਾ ਹਾਈਵੇਅ ਤੇ ਬਰੇਲੀ ਦਿੱਲੀ ਹਾਈਵੇਅ ਬੰਦ ਕਰ ਦਿਤਾ ਜਾਵੇਗਾ।
ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਸਪੱਸ਼ਟ ਕਰ ਦਿਤਾ ਕਿ ਉਹ ਸ਼ਰਤਾਂ ਤਹਿਤ ਗੱਲ ਨਹੀਂ ਕਰਨਗੇ, ਇਹ ਕਿਸਾਨਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸ਼ਰਤਾਂ ਰੱਖ ਰਹੀ ਹੈ ਤਾਂ ਕਿਸਾਨ ਵੀ ਜ਼ਿੱਦ 'ਤੇ ਅੜੇ ਹਨ ਜਿਸ ਲਈ ਦਿੱਲੀ ਨੂੰ ਦੇਸ਼ ਨਾਲ ਜੋੜਨ ਵਾਲੇ ਪੰਜ ਹਾਈਵੇਅ ਅਣਮਿਥੇ ਸਮੇਂ ਲਈ ਜਾਮ ਕਰ ਦਿਤੇ ਜਾਣਗੇ। ਕਿਸਾਨ ਆਗੂਆਂ ਨੇ ਇਹ ਵੀ ਸਪੱਸ਼ਟ ਕਰ ਦਿਤਾ ਕਿ
ਇਹ ਅੰਦੋਲਨ ਨਿਰੋਲ ਕਿਸਾਨਾਂ ਦਾ ਹੈ ਤੇ ਕੋਈ ਸਿਆਸੀ ਆਗੂ ਇਸ ਇਕੱਠ 'ਚ ਨਾ ਆਵੇ ਤੇ ਨਾ ਹੀ ਕਿਸੇ ਸਿਆਸੀ ਆਗੂ ਨੂੰ ਕਿਸਾਨਾਂ ਦੀ ਸਾਂਝੀ ਸਟੇਜ 'ਤੇ ਬੋਲਣ ਦਿਤਾ ਜਾਵੇਗਾ।
ਕਿਸਾਨਾਂ ਨੇ ਸਾਫ਼ ਆਖ ਦਿਤਾ ਹੈ ਕਿ ਉਹ ਬੁਰਾੜੀ ਨਹੀਂ ਜਾਣਗੇ। ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹ੍ਹਾਂ ਦੀਆਂ 8 ਮੰਗਾਂ ਹਨ। ਜਿਨ੍ਹਾਂ ਵਿਚ ਖੇਤੀ ਕਾਨੂੰਨ ਤੇ 2 ਆਰਡੀਨੈਸ ਜੋ ਆਉਣੇ ਹਨ, ਵਾਪਸ ਹੋਣ, ਕਿਸਾਨਾਂ ਦੇ ਦਰਜ ਹੋਏ ਪਰਚੇ ਰੱਦ ਹੋਣ, ਸੂਬਿਆਂ ਨੂੰ ਉਨ੍ਹਾਂ ਦੇ ਹੱਕ ਦਿਉ, ਤੇਲ ਦੀਆਂ ਕੀਮਤਾਂ ਉਤੇ ਨਿਰੰਤਰ, ਆਦਿ ਮੰਗਾਂ ਮੰਨੀਆਂ ਜਾਣ। ਇਸ ਮੋਰਚੇ ਦੀ ਆਗਵਾਈ 30 ਕਿਸਾਨ ਜਥੇਬੰਦੀਆਂ ਕਰਨਗੀਆਂ। ਕਿਸਾਨਾਂ ਨੇ ਚਿਤਾਵਨੀ ਦਿਤੀ ਕਿ ਉਹ ਦਿੱਲੀ ਨੂੰ ਘੇਰਨ ਲਈ ਆਏ ਹਨ ਨਾਕਿ ਖ਼ੁਦ ਦਿੱਲੀ ਵਿਚ ਘਿਰਨ ਲਈ ਆਏ ਹਨ। ਦਿੱਲੀ ਦਾ ਸੰਪਰਕ ਬਾਕੀ ਦੇਸ਼ ਨਾਲੋਂ ਤੋੜ ਕੇ ਰਹਾਂਗੇ ਤੇ ਜੇਕਰ ਪ੍ਰਸ਼ਾਸਨ ਨੇ ਹਲਚਲ ਕੀਤੀ ਤਾਂ ਉਹ ਇਸ ਦਾ ਨਤੀਜੇ ਲਈ ਖ਼ੁਦ ਜ਼ਿੰਮੇਵਾਰ ਹੋਵੇਗਾ।
ਦਿੱਲੀ ਨਾਲ ਲਗਦੇ ਹਰਿਆਣਾ ਦੇ ਸਿੰਘੂ ਤੇ ਟਿਕਰੀ ਬਾਰਡਰ 'ਤੇ ਇਕੱਠੇ ਹੋਏ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਤੋਂ ਆਏ ਕਿਸਾਨ ਡਟੇ ਹੋਏ ਹਨ। ਉਥੋਂ ਪਿਛੇ ਹਟਣ ਲਈ ਤਿਆਰ ਨਹੀਂ ਹਨ। ਉੱਥੇ ਹੀ ਬੁਰਾੜੀ ਮੈਦਾਨ 'ਚ ਕਿਸਾਨਾਂ ਦੇ ਪ੍ਰਦਰਸ਼ਨ ਕਰਨ ਦੇ ਮੁੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਗਾਜੀਆਬਾਦ-ਦਿੱਲੀ ਸਰਹੱਦ 'ਤੇ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਵਿਰੋਧ ਜਾਰੀ ਰਹੇਗਾ।
ਉਥੇ ਹੀ ਉੱਤਰ ਪ੍ਰਦੇਸ਼ ਦੇ ਕਿਸਾਨ ਯੂਪੀ ਗੇਟ 'ਤੇ ਜਮ੍ਹਾਂ ਹਨ। ਐਤਵਾਰ ਦੁਪਹਿਰ ਯੂਪੀ ਦੇ ਕਿਸਾਨਾਂ ਨੇ ਦਿੱਲੀ ਪੁਲਿਸ ਦੁਆਰਾ ਲਾਏ ਗਏ ਬੈਰੀਕੇਡ ਤੋੜ ਦਿਤੇ, ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਕਹਿਣ 'ਤੇ ਮਾਮਲਾ ਸ਼ਾਂਤ ਹੈ। ਉਥੇ ਹੀ ਦਿੱਲੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਰੋਕਣ ਲਈ 2 ਬੈਰੀਕੇਡ ਲਾਏ ਹਨ। ਜੇ ਇਕ ਟੁੱਟ ਜਾਂਦਾ ਹੈ ਤਾਂ ਦੂਜਾ ਹਰ ਹਾਲ 'ਚ ਕਿਸਾਨਾਂ ਨੂੰ ਰੋਕਣ ਦਾ ਇੰਤਜ਼ਾਮ ਹੈ।
ਦਿੱਲੀ-ਹਰਿਆਣਾ ਬਾਰਡਰਾਂ 'ਤੇ ਅੱਜਕਲ ਨਵਾਂ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਜਿਧਰ ਵੀ ਨਜ਼ਰ ਜਾਂਦੀ ਹੈ, ਉਧਰ ਹੀ ਕਿਸਾਨ ਹੀ ਕਿਸਾਨ ਦਿਖਾਈ ਦਿੰਦੇ ਹਨ। ਖ਼ਬਰਾਂ ਅਨੁਸਾਰ ਟਿਕਰੀ ਬਾਰਡਰ ਤੋਂ ਲੈ ਕੇ ਹੁਣ ਜਾਮ ਕਰੀਬ 40 ਕਿਲੋਮੀਟਰ ਦੇ ਦਾਇਰੇ ਤਕ ਫੈਲ ਚੁਕਾ ਹੈ। ਸਿੰਘੂ ਬਾਰਡਰ 'ਤੇ ਦੋ ਦਿਨ ਤੋਂ ਧਰਨਾ ਲਾਈ ਬੈਠੇ ਕਿਸਾਨਾਂ ਦੀ ਸਵੇਰ ਨਵੇਂ ਉਤਸ਼ਾਹ ਨਾਲ ਚੜ੍ਹਦੀ ਹੈ। ਹਾਲਾਂਕਿ ਕਿਸਾਨਾਂ ਲਈ ਢੁਕਵੇਂ ਪ੍ਰਬੰਧ ਨਹੀਂ ਹਨ ਪਰ ਫਿਰ ਵੀ ਉਹ ਸਵੇਰੇ ਉੱਠ ਕੇ ਕੌਮੀ ਸ਼ਾਹਰਾਹ 'ਤੇ ਵੱਖ-ਵੱਖ ਟੋਲਿਆਂ ਵਿੱਚ ਕਿਸਾਨੀ ਮੁੱਦਿਆਂ ਉਪਰ ਚਰਚਾ ਕਰਦੇ ਦੇਖੇ ਜਾ ਸਕਦੇ ਹਨ। ਪਿਛੇ ਪੰਜਾਬ ਤੇ ਹਰਿਆਣਾ ਵਿਚ ਪਰਵਾਰਾਂ ਨਾਲ ਮੋਬਾਈਲ ਫ਼ੋਨਾਂ ਰਾਹੀਂ ਰਾਬਤਾ ਬਣਾ ਕੇ ਇਥੋਂ ਦੇ ਹਾਲਤ ਬਾਰੇ ਦਸਦੇ ਹਨ। ਮੋਬਾਈਲ ਫ਼ੋਨਾਂ ਦੀਆਂ ਬੈਟਰੀਆਂ ਚਾਰਜ ਕਰਨ ਦੇ ਪ੍ਰਬੰਧ ਟਰਾਲੀਆਂ ਵਿਚ ਹੀ ਕੀਤੇ ਹੋਏ ਹਨ। ਸਰਦ ਰਾਤ ਬਿਤਾਉਣ ਮਗਰੋਂ ਸਵੇਰੇ ਲੰਗਰ ਛਕ ਕੇ ਮੁੜ ਜੋਸ਼ ਫੜ ਲੈਂਦੇ ਹਨ। ਬਜ਼ੁਰਗ ਕੋਸੀ ਧੁੱਪ ਸੇਕਦੇ ਹਨ। ਵੱਖ-ਵੱਖ ਟੋਲਿਆਂ ਵਿਚ ਖੁੰਡ ਚਰਚਾ ਵਰਗਾ ਮਾਹੌਲ ਵੀ ਕੌਮੀ ਸ਼ਾਹਰਾਹ ਉਪਰ ਬਣ ਜਾਂਦਾ ਹੈ। ਨਾਲ ਲਿਆਂਦੇ ਡੈਕਾਂ ਉਪਰ ਪਹਿਲਾਂ ਗੁਰਬਾਣੀ ਜਾਂ ਧਾਰਮਕ ਗੀਤ ਵੱਜਦੇ ਹਨ ਤੇ ਕਿਸਾਨ ਟਰਾਲੀਆਂ ਵਿਚੋਂ ਨਿਕਲ ਕੇ ਮੰਚ ਵਲ ਵਧਣ ਲਗਦੇ ਹਨ। ਹਾਲਾਂਕਿ ਕਿਸਾਨ ਮੀਡੀਆ ਦੇ ਇਕ ਹਿੱਸੇ ਤੋਂ ਖਾਸੇ ਖ਼ਫ਼ਾ ਹਨ ਪਰ ਟੀਵੀ ਚੈਨਲਾਂ ਦੇ ਮਾਈਕਾਂ ਅੱਗੇ ਉਹ ਝੁਰਮੁਟ ਵੀ ਝੱਟ ਬਣਾ ਲੈਂਦੇ ਹਨ।
ਇਥੇ ਇਕ ਹੋਰ ਦਿਲਚਸਪ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਕਿ ਸਥਾਨਕ ਲੋਕਾਂ ਨੂੰ ਕਿਸਾਨਾਂ ਦੇ ਅੰਦੋਲਨ ਨਾਲ ਕੋਈ ਮਲਾਲ ਨਹੀਂ ਹੈ। ਜਿਥੇ-ਜਿਥੇ ਕਿਸਾਨ ਬੈਠੇ ਹਨ ਤੇ ਜਿਹੜੇ ਘਰ ਜਾਂ ਦੁਕਾਨਾਂ ਉਨ੍ਹਾਂ ਦੇ ਨੇੜੇ ਹਨ, ਉਹ ਕਿਸਾਨਾਂ ਦੀ ਸੇਵਾ ਕਰ ਰਹੇ ਹਨ। ਕਈ ਪਰਵਾਰਾਂ ਨੇ ਕਿਸਾਨਾਂ ਨੂੰ ਘਰਾਂ 'ਚ ਬੁਲਾ ਕੇ ਨਹਾਉਣ ਦਾ ਪ੍ਰਬੰਧ ਕੀਤਾ, ਕਈਆਂ ਨੇ ਪੀਣ ਵਾਲਾ ਪਾਣੀ ਦਿਤਾ, ਕਈਆਂ ਨੇ ਖਾਣਾ ਵੀ ਬਣਾ ਕੇ ਦਿਤਾ ਅਤੇ ਕਈ ਦੁਕਾਨਦਾਰ ਕਿਸਾਨਾਂ ਨੂੰ ਦੁੱਧ, ਸਬਜ਼ੀ ਆਦਿ ਲਿਆਕੇ ਦਿੰਦੇ ਦੇਖੇ ਗਏ।image