
ਭਗਤਾ ਭਾਈ 'ਚ ਡੇਰਾ ਪ੍ਰੇਮੀ ਨੂੰ ਕਤਲ ਕਰਨ ਤੋਂ ਬਾਅਦ
ਬਠਿੰਡਾ (ਸੁਖਜਿੰਦਰ ਮਾਨ) : ਲੰਘੀ 20 ਨਵੰਬਰ ਨੂੰ ਜ਼ਿਲ੍ਹੇ ਦੇ ਕਸਬਾ ਭਗਤਾ ਭਾਈ 'ਚ ਦਿਨ-ਦਿਹਾੜੇ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਹੋਏ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਬੇਅਦਬੀ ਕਾਂਡ ਦੇ ਕਥਿਤ ਦੋਸ਼ੀ ਡੇਰਾ ਪ੍ਰੇਮੀਆਂ ਸੁਰੱਖਿਆ ਮੁਹਈਆਂ ਕਰਵਾਈ ਹੈ। ਕਰੀਬ ਚਾਰ ਦਿਨ ਤਕ ਮ੍ਰਿਤਕ ਡੇਰਾ ਪ੍ਰੇਮੀ ਦੀ ਲਾਸ਼ ਲੈ ਕੇ ਡੇਰਾ ਸਲਾਬਤਪੁਰਾ ਕੋਲ ਧਰਨੇ 'ਤੇ ਬੈਠੇ ਰਹੇ ਡੇਰਾ ਪ੍ਰੇਮੀਆਂ ਨਾਲ ਮਨੋਹਰ ਲਾਲ ਦਾ ਅੰਤਮ ਸਸਕਾਰ ਕਰਵਾਉਣ ਲਈ ਸਰਕਾਰ ਦੀ ਤਰਫ਼ੋਂ ਪ੍ਰਸ਼ਾਸਨਿਕ ਪੱਧਰ 'ਤੇ ਹੋਈ ਗੱਲਬਾਤ ਤੋਂ ਇਹ ਫ਼ੈਸਲਾ ਲਿਆ ਗਿਆ ਹੈ।
File Photo
ਸੂਤਰਾਂ ਮੁਤਾਬਕ ਸੁਰੱਖਿਆ ਹਾਸਲ ਕਰਨ ਵਾਲਿਆਂ ਵਿਚ ਮ੍ਰਿਤਕ ਮਨੋਹਰ ਲਾਲ ਦਾ ਪੁੱਤਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ 'ਚ ਫਸਿਆ ਜਤਿੰਦਰਬੀਰ ਉਰਫ਼ ਜਿੰਮੀ ਅਰੋੜਾ ਵੀ ਸ਼ਾਮਲ ਹੈ। ਪੁਲਿਸ ਵਿਭਾਗ ਦੇ ਸੂਤਰਾਂ ਮੁਤਾਬਕ ਜਿੰਮੀ ਅਰੋੜਾ ਨਾਲ ਚਾਰ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਸੇ ਤਰ੍ਹਾਂ ਸੌਦਾ ਸਾਧ ਦੇ ਪੰਜਾਬ 'ਚ ਸੱਭ ਤੋਂ ਵੱਡੇ ਡੇਰੇ ਸਲਾਬਤਪੁਰਾ ਦੇ ਇੰਚਾਰਜ ਅਤੇ ਬਲਾਤਕਾਰ ਕਾਂਡ 'ਚ ਸਜ਼ਾ ਹੋਣ ਤੋਂ ਬਾਅਦ ਹਿੰਸਕ ਘਟਨਾਵਾਂ 'ਚ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਜ਼ੋਰਾ ਸਿੰਘ ਨੂੰ ਵੀ ਸੁਰੱਖਿਆ ਦਿਤੀ ਗਈ ਹੈ।
Mohinderpal Bittu
ਇਸ ਤੋਂ ਇਲਾਵਾ ਸੁਰੱਖਿਆ ਹਾਸਲ ਕਰਨ ਵਾਲੇ ਕਰੀਬ ਪੌਣੀ ਦਰਜਨ ਡੇਰਾ ਪ੍ਰੇਮੀ ਹੋਰ ਵੀ ਹਨ, ਜਿਨ੍ਹਾਂ ਨੂੰ ਪੁਲਿਸ ਨੇ ਸੁਰੱਖਿਆ ਕਵਚ ਦਿਤਾ ਹੈ। ਜਿਕਰਯੋਗ ਹੈ ਕਿ ਬਰਗਾੜੀ ਕਾਂਡ ਦੇ ਕਥਿਤ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਵੀ ਸਰਕਾਰ ਨੇ ਕਈ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਦਿੱਤੀ ਗਈ ਸੀ। ਇੰਨ੍ਹਾਂ ਵਿਚੋਂ ਜਿਆਦਾਤਰ ਦਾ ਸਬੰਧ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੇਸਾਂ ਨਾਲ ਜੁੜਿਆ ਹੋਇਆ ਹੈ।
CBI
ਉਂਜ ਵੀ ਮਨੋਹਰ ਲਾਲ ਦੀ ਲਾਸ਼ ਰੱਖ ਕੇ ਬੈਠੇ ਰਹੇ ਡੇਰਾ ਪ੍ਰੇਮੀਆਂ ਵਲੋਂ ਸਰਕਾਰ ਉਪਰ ਸੀਬੀਆਈ ਵਲੋਂ ਪੇਸ਼ ਕੀਤੀ ਕਲੋਜਰ ਰੀਪੋਰਟ ਦੇ ਆਧਾਰ 'ਤੇ ਬੇਅਦਰਬੀ ਕਾਂਡ 'ਚ ਫ਼ਸੇ ਡੇਰਾ ਪ੍ਰੇੇਮੀਆਂ ਨੂੰ ਕਲੀਨ ਚਿੱਟ ਦੇਣ ਲਈ ਦਬਾਅ ਪਾਇਆ ਸੀ।
Dera Lovers
ਜ਼ਰੂਰਤ ਮੁਤਾਬਕ ਦਿਤੀ ਸੁਰੱਖਿਆ: ਆਈ.ਜੀ
ਉਧਰ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਮੁਹਈਆ ਕਰਵਾਉਣ ਦੀ ਪੁਸ਼ਟੀ ਕਰਦਿਆਂ ਬਠਿੰਡਾ ਰੇਂਜ ਦੇ ਆਈ.ਜੀ ਜਸਕਰਨ ਸਿੰਘ ਨੇ ਦਾਅਵਾ ਕੀਤਾ ਕਿ ਹਾਲਾਤ ਨੂੰ ਮੁੱਖ ਰਖਦਿਆਂ ਸੁਰੱਖਿਆ ਹਟਾਉਣ ਜਾਂ ਦੇਣ ਦੇ ਫ਼ੈਸਲੇ ਲਏ ਜਾਂਦੇ ਹਨ। ਉਨ੍ਹਾਂ ਦਸਿਆ ਕਿ ਸੁਰੱਖਿਆ ਹਾਸਲ ਕਰਨ ਵਾਲਿਆਂ ਨੂੰ ਖ਼ਤਰੇ ਦੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਂਦੀ ਹੈ।
Baljit Singh Daduwal
ਕੈਪਟਨ ਸਰਕਾਰ ਵੀ ਬਾਦਲਾਂ ਦੇ ਰਾਹ : ਭਾਈ ਦਾਦੂਵਾਲ
ਸਿੱਖ ਪ੍ਰਚਾਰਕ ਤੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਰਕਾਰ ਦੇ ਇਸ ਫ਼ੈਸਲੇ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਲਗਦੈ ਹੁਣ ਕੈਪਟਨ ਸਰਕਾਰ ਵੀ ਬਾਦਲਾਂ ਦੇ ਰਾਹ 'ਤੇ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਜਾਂਚ ਟੀਮ ਵਲੋਂ ਬੇਅਦਬੀ ਕਾਂਡ ਲਈ ਸਿੱਧੇ ਤੌਰ 'ਤੇ ਡੇਰਾ ਮੁਖੀ ਸਹਿਤ ਡੇਰਾ ਪ੍ਰੇਮੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਇਲਾਵਾ ਡੇਰਾ ਪ੍ਰੇਮੀਆਂ ਵਲੋਂ ਜਿਨ੍ਹਾਂ ਸਿੱਖਾਂ ਨੂੰ ਧਮਕੀਆਂ ਦਿਤੀਆਂ ਗਈਆਂ, ਉਨ੍ਹਾਂ ਦਾ ਕੈਪਟਨ ਸਾਹਿਬ ਨੂੰ ਕੋਈ ਖ਼ਿਆਲ ਨਹੀਂ ਹੈ।