
ਪੰਜਾਬ ਦੇ ਰਾਜਪਾਲ ਚੰਡੀਗੜ੍ਹ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਕਰਨਗੇ ਉਦਘਾਟਨ
ਚੰਡੀਗੜ੍ਹ, 29 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਚੰਡੀਗੜ੍ਹ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਉਦਘਾਟਨ ਕਰਨਗੇ। ਕੋਵਿਡ-19 ਕਰਕੇ ਉਦਘਾਟਨ ਆਨਲਾਈਨ ਹੋਵੇਗਾ। ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਅਤੇ ਪੀ.ਐਚ.ਡੀ.ਸੀ.ਸੀ.ਆਈ. ਦੇ ਪ੍ਰਧਾਨ ਕਰਨ ਗਿਲਹੋਤਰਾ ਇਸ ਆਨਲਾਈਨ ਉਦਘਾਟਨ ਵਿਚ ਹਿੱਸਾ ਲੈਣਗੇ।
ਸਾਬਕਾ ਆਈ.ਏ.ਐਸ. ਅਧਿਕਾਰੀ ਅਤੇ ਲੇਖਕ ਡੀ.ਐਸ. ਜਸਪਾਲ ਦੁਆਰਾ ਵਿਚਾਰਿਆ ਅਤੇ ਤਿਆਰ ਕੀਤਾ ਗਿਆ ਮਿਊਜ਼ੀਅਮ ਆਫ਼ ਟ੍ਰੀਜ਼ ਸਿੱਖ ਧਰਮ ਦੇ ਪਵਿੱਤਰ ਰੁੱਖਾਂ ਦੀ ਜੈਨੇਟਿਕ ਤੌਰ ਤੇ ਸਹੀ ਪ੍ਰਤਿਕ੍ਰਿਤੀਆਂ ਤੋਂ ਤਿਆਰ ਕੀਤਾ ਗਿਆ ਇਕ ਪਵਿੱਤਰ ਬਾਗ਼ ਹੈ। ਪਵਿੱਤਰ ਅਸਥਾਨਾਂ ਦੇ ਨਾਮ ਰੁੱਖਾਂ ਦੇ ਨਾਂ 'ਤੇ ਰੱਖਣਾ ਸਿੱਖ ਧਰਮ ਲਈ ਵਿਲੱਖਣ ਹੈ।
ਦੁਨੀਆਂ ਵਿਚ ਅਪਣੀ ਕਿਸਮ ਦੇ ਪਹਿਲੇ ਇਸ ਪ੍ਰਾਜੈਕਟ ਲਈ ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਨੇ ਫ਼ੰਡਿੰਗ ਕੀਤੀ ਹੈ ਅਤੇ ਰਜਿਸਟਰਡ ਐਨ.ਜੀ.ਓ. ਚੰਡੀਗੜ੍ਹ ਨੇਚਰ ਐਂਡ ਹੈਲਥ ਸੁਸਾਇਟੀ ਦੁਆਰਾ ਇਸ ਨੂੰ ਪ੍ਰੋਤਸ਼ਾਹਿਤ ਕੀਤਾ ਗਿਆ ਹੈ। ਇਹ ਭਾਰਤ ਦਾ ਇਕਮਾਤਰ ਆਊਟਡੋਰ ਵਾਕ-ਥਰੂ ਅਜਾਇਬ ਘਰ ਹੈ ਜਿੱਥੇ ਯਾਤਰੀ ਵੱਖ-ਵੱਖ ਪਵਿੱਤਰ ਰੁੱਖਾਂ ਦੀਆਂ ਜੈਨੇਟਿਕ ਤੌਰ ਉਤੇ ਸਹੀ ਪ੍ਰਤਿਕ੍ਰਿਤੀਆਂ ਵੇਖ ਸਕਦੇ ਹਨ।
ਹਰ ਦਰੱਖ਼ਤ ਦੇ ਨਾਲ ਅੱਠ ਫੁੱਟ ਉੱਚੀਆਂ ਤਖ਼ਤੀਆਂ ਲੱਗੀਆਂ ਹਨ ਜਿਸ 'ਤੇ ਦਰੱਖ਼ਤ ਦੀ ਤਸਵੀਰ ਨਾਲ ਹੀ ਇਸ ਦੀਆਂ ਬਨਸਪਤੀ ਵਿਸ਼ੇਸ਼ਤਾਵਾਂ ਦਾ ਵੇਰਵਾ ਅਤੇ ਦਰੱਖ਼ਤ ਅਤੇ ਪਵਿੱਤਰ ਅਸਥਾਨ ਦੇ ਇਤਿਹਾਸਕ ਅਤੇ ਧਾਰਮਕ ਪਿਛੋਕੜ ਵਿਚਕਾਰ ਸਬੰਧ ਬਾਰੇ ਦਰਸਾਇਆ ਗਿਆ ਹੈ।
ਮੂਲ ਰੁੱਖਾਂ ਦੇ ਸਹੀ ਜੀਨੋਟਾਈਪ ਨੂੰ ਦੁਬਾਰਾ ਤਿਆਰ ਕਰ ਕੇ ਬਚੇ ਹੋਏ ਪਵਿੱਤਰ ਰੁੱਖਾਂ ਦੀ ਸੰਭਾਲ ਅਤੇ ਪ੍ਰਸਾਰ ਲਈ ਅਜਾਇਬ ਘਰ ਨੇ ਬਾਰਾਂ ਪਵਿੱਤਰ ਰੁੱਖਾਂ ਦੀਆਂ ਜੈਨੇਟਿਕ ਤੌਰ ਉਤੇ ਸਹੀ ਪ੍ਰਤਿਕ੍ਰਿਤੀਆਂ ਸਫ਼ਲਤਾਪੂਰਵਕ ਤਿਆਰ ਕੀਤੀਆਂ ਹਨ ਜਿਸ ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਦੁੱਖ ਭੰਜਨੀ ਬੇਰੀ, ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੀ ਬੇਰੀ, ; ਗੁਰਦੁਆਰਾ ਬਾਬੇ-ਦੀ-ਬੇਰੀ, ਸਿਆਲਕੋਟ, ਪਾਕਿਸਤਾਨ ਦੀ ਬੇਰੀ ਸ਼ਾਮਲ ਹਨ।
image