
ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ
ਮੁਹਾਲੀ : ਐਤਵਾਰ ਨੂੰ ਚੰਡੀਗੜ੍ਹ-ਲੁਧਿਆਣਾ ਹਾਈਵੇਅ 'ਤੇ ਪਿੰਡ ਘੜੂੰਆਂ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋ ਗਏ ਸਨ। ਹੁਣ ਇਸ ਹਾਦਸੇ ਦੀ ਦਰਦਨਾਕ ਸੀਸੀਟੀਵੀ ਸਾਹਮਣੇਆਈ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਤੇਜ਼ ਰਫ਼ਤਾਰ ਕਾਰ ਅਪਣੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਸੜਕ ਕਿਨਾਰੇ ਖੜ੍ਹੇ ਦੋ ਵਿਅਕਤੀਆਂ ਨੂੰ ਨਾਲ ਉਡਾ ਲੈ ਗਈ ਤੇ ਵਿਅਕਤੀਆਂ ਦੇ ਚੀਥੜੇ ਹੋ ਗਏ ਤੇ ਕਾਰ ਦੇ ਵੀ ਪਰਖੱਚੇ ਉੱਡ ਗਏ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ, ਅਤੇ ਘੱਟੋ ਘੱਟ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਪੁਲਿਸ ਅਨੁਸਾਰ ਚਾਰ ਮਰਨ ਵਾਲਿਆਂ ਵਿਚ ਤੇਜ਼ ਰਫ਼ਤਾਰ ਕਾਰ ਦੇ ਦੋ ਸਵਾਰ ਅਤੇ ਦੋ ਰਾਹਗੀਰ ਸ਼ਾਮਲ ਹਨ। ਜਾਂਚ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਸੰਜੀਤ ਕੁਮਾਰ, ਵਿਕਰਮਜੀਤ ਸਿੰਘ, ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਵਜੋਂ ਕੀਤੀ ਹੈ। ਜ਼ਖਮੀਆਂ ਦੀ ਪਛਾਣ ਅੰਕੁਸ਼ ਅਤੇ ਰਾਹੁਲ ਯਾਦਵ ਵਜੋਂ ਹੋਈ ਹੈ
ਜਾਂਚ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੁਪਹਿਰ 2.30 ਵਜੇ ਦੇ ਕਰੀਬ ਚਾਰ ਵਿਅਕਤੀ ਸੰਜੀਤ ਕੁਮਾਰ, ਵਿਕਰਮਜੀਤ ਸਿੰਘ, ਅੰਕੁਸ਼ ਅਤੇ ਰਾਹੁਲ ਯਾਦਵ ਇੱਕ ਹੁੰਡਈ ਵਰਨਾ ਕਾਰ ਵਿਚ ਲੁਧਿਆਣਾ ਜਾ ਰਹੇ ਸਨ। ਜਦੋਂ ਕਾਰ ਚੰਡੀਗੜ੍ਹ ਯੂਨੀਵਰਸਿਟੀ ਨੇੜੇ ਘੜੂੰਆਂ ਪਿੰਡ ਪਹੁੰਚੀ ਤੇ ਕੰਟਰੋਲ ਗੁਆ ਬੈਠੀ ਅਤੇ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ।
ਰਾਹਗੀਰਾਂ ਨੇ ਦੱਸਿਆ ਕਿ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਪਲਟ ਗਈ ਅਤੇ ਉਦੋਂ ਤੱਕ ਤਿਲਕਦੀ ਰਹੀ ਜਦੋਂ ਤੱਕ ਇਹ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਰੁਕ ਨਾ ਸਕੀ। ਕਾਰ ਨੇ ਕੰਟਰੋਲ ਗੁਆ ਕੇ ਸੜਕ ਦੇ ਕਿਨਾਰੇ ਖੜ੍ਹੇ ਦੋ ਆਟੋ ਚਾਲਕ ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਨੂੰ ਕੁਚਲ ਦਿੱਤਾ। ਪੁਲਿਸ ਨੇ ਦੱਸਿਆ ਕਿ ਸੰਜੀਤ ਕੁਮਾਰ, ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਵਿਕਰਮਜੀਤ ਨੇ ਸੈਕਟਰ 16, ਚੰਡੀਗੜ੍ਹ ਲਿਜਾਂਦੇ ਸਮੇਂ ਦਮ ਤੋੜ ਦਿੱਤਾ।
ਆਟੋ ਚਾਲਕ ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਦੋਵੇਂ ਆਪਣੇ ਪਰਿਵਾਰਾਂ ਦੇ ਇਕੱਲੇ ਰੋਟੀ-ਰੋਜ਼ੀ ਕਮਾਉਣ ਵਾਲੇ ਸਨ। ਘੜੂੰਆਂ ਦੇ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਸਬ-ਇੰਸਪੈਕਟਰ ਹਿੰਮਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਾਰ ਚਾਲਕ ਨੇ ਗੱਡੀ ਤੋਂ ਕੰਟਰੋਲ ਕਿਵੇਂ ਗੁਆ ਦਿੱਤਾ। ਐਸਐਚਓ ਨੇ ਅੱਗੇ ਕਿਹਾ, “ਰਾਹਗੀਰਾਂ ਨੇ ਸਾਨੂੰ ਦੱਸਿਆ ਹੈ ਕਿ ਕਾਰ ਨੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਈ ਵਾਰ ਪਲਟੀਆਂ ਖਾਧੀਆਂ।
ਘਟਨਾ ਦੇ ਚਸ਼ਮਦੀਦ ਰਾਹਗੀਰ ਸੋਹਣ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਸੜਕ ਦੇ ਦੂਜੇ ਪਾਸੇ ਚਾਹ ਪੀਣ ਲਈ ਗਏ ਸਨ ਅਤੇ ਆਪਣੇ ਆਟੋ ਰਿਕਸ਼ਾ 'ਤੇ ਜਾਣ ਲਈ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਨ੍ਹਾਂ ਦੀ ਟੱਕਰ ਹੋ ਗਈ।