
14 ਦੇਸ਼ਾਂ ’ਚ ਪੁੱਜਾ ‘ਓਮੀਕਰੋਨ’, ਕੇਂਦਰ ਨੇ ਕਿਹਾ, ਦੇਸ਼ ਵਿਚ ਅਜੇ ਕੋਈ ਮਾਮਲਾ ਨਹੀਂ
ਨਵੀਂ ਦਿੱਲੀ, 30 ਨਵੰਬਰ : ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿਤੀ ਹੈ। ਇਸ ਦੌਰਾਨ ਭਾਰਤ ਤੋਂ ਇਸ ਸਬੰਧੀ ਚੰਗੀ ਖਬਰ ਸਾਹਮਣੇ ਆਈ ਹੈ। ਦਰਅਸਲ, ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੰਸਦ ਵਿਚ ਦਸਿਆ ਕਿ ਭਾਰਤ ਵਿਚ ਹੁਣ ਤਕ ਕੋਰੋਨਾ ਦੇ ਨਵੇਂ ਰੂਪ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਸਦ ਨੂੰ ਦਸਿਆ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕ ਰਹੀ ਹੈ ਕਿ ਕੋਰੋਨਾ ਦਾ ਇਹ ਰੂਪ ਭਾਰਤ ਤਕ ਨਾ ਪਹੁੰਚੇ। ਉਨ੍ਹਾਂ ਕਿਹਾ, ਕੇਂਦਰ ਨੇ ਦੁਨੀਆ ਭਰ ਦੇ ਨਵੇਂ ਰੂਪਾਂ ਨੂੰ ਦੇਖਦੇ ਹੋਏ ਸਲਾਹ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਬੰਦਰਗਾਹਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸ਼ੱਕੀ ਕੋਰੋਨਾ ਮਾਮਲਿਆਂ ਦੀ ਜੀਨੋਮ ਸੀਕਵੈਂਸਿੰਗ ਕੀਤੀ ਜਾ ਰਹੀ ਹੈ। ਰਾਜ ਸਭਾ ਵਿਚ ਪ੍ਰਸਨ ਕਾਲ ਦੌਰਾਨ ਸਿਹਤ ਮੰਤਰੀ ਨੇ ਕਿਹਾ, ਹੁਣ ਤਕ 14 ਦੇਸ਼ਾਂ ਵਿਚ ਕੋਰੋਨਾ ਦੇ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦਸਿਆ ਕਿ ਭਾਰਤ ਵਿਚ ਵੀ ਇਸ ਦਾ ਅਧਿਐਨ ਕੀਤਾ ਜਾ ਰਿਹਾ ਹੈ। ਪਰ ਦੇਸ਼ ਵਿਚ ਹੁਣ ਤਕ ਇਸ ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਇਰਸ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ। ਮਾਂਡਵੀਆ ਨੇ ਕਿਹਾ, “ਕੋਰੋਨਾ ਮਹਾਂਮਾਰੀ ਦੌਰਾਨ ਅਸੀਂ ਬਹੁਤ ਕੁੱਝ ਸਿਖਿਆ ਹੈ। ਹੁਣ ਸਾਡੇ ਕੋਲ ਟੈਸਟ ਕਰਨ ਲਈ ਸਾਧਨ ਅਤੇ ਲੈਬ ਹਨ।’’ (ਏਜੰਸੀ)
__
ਹੁਣ ਤਕ ਭਾਰਤ ਵਿਚ ਓਮੀਕਰੋਨ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਸਾਰੇ ਕਦਮ ਚੁੱਕੇ ਜਾ ਰਹੇ ਹਨ।” ਸਿਹਤ ਮੰਤਰੀ ਮੁਤਾਬਕ ਭਾਰਤ ’ਚ ਇਸ ਸਮੇਂ ਕੋਰੋਨਾ ਮਹਾਮਾਰੀ ਕੰਟਰੋਲ ’ਚ ਹੈ ਪਰ ਦੇਸ਼ ਇਸ ਬੀਮਾਰੀ ਤੋਂ ਮੁਕਤ ਨਹੀਂ ਹੈ। ਸਾਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। (ਏਜੰਸੀ)