
ਲੁਧਿਆਣਾ ਦੇ ਹਲਕਾ ਆਤਮ ਨਗਰ ਨਾਲ ਵਿਕਾਸ ਪੱਖੋਂ ਕਈ ਸਾਲਾਂ ਤੋਂ ਕੀਤਾ ਜਾ ਰਿਹੈ ਵਿਤਕਰਾ
ਲੁਧਿਆਣਾ, 29 ਨਵੰਬਰ (ਰਾਜਵਿੰਦਰ ਸਿੰਘ) : ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਲਕਾ ਆਤਮ ਨਗਰ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਵਿਕਾਸ ਲਈ ਅਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਹਲਕੇ ਵਿਚ ਨਜ਼ਰ ਮਾਰੀ ਜਾਵੇ ਤਾਂ ਗਲੀਆਂ ਨਾਲੀਆਂ ਆਦਿ ਦੀ ਹਾਲਤ ਬੇਹੱਦ ਤਰਸਯੋਗ ਹੈ। ਬਾਰਸ਼ ਦੇ ਦਿਨਾਂ ਵਿਚ ਇਹ ਸੜਕਾਂ ਨਹਿਰ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਸ ਤੋਂ ਇਲਾਕਾ ਨਿਵਾਸੀ ਕਾਫ਼ੀ ਪਰੇਸ਼ਾਨ ਹਨ। ਇਲਾਕੇ ਦੇ ਲੋਕ ਹਲਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਕਾਰਗੁਜ਼ਾਰੀ ਤੋਂ ਵੀ ਨਿਰਾਸ਼ ਦਿਖਾਈ ਦੇ ਰਹੇ ਹਨ।
ਪਿਛਲੇ ਲੰਬੇ ਸਮੇਂ ਤੋਂ ਇਸ ਹਲਕੇ ਵਿਚ ਇੰਡਸਟਰੀ ਅਤੇ ਹੋਰ ਕਈ ਕੰਪਨੀਆਂ ਅਪਣਾ ਕਾਰੋਬਾਰ ਕਰਦੀਆਂ ਹਨ ਜਿਸ ਤੋਂ ਪੰਜਾਬ ਦੇ ਖ਼ਜ਼ਾਨੇ ਵਿਚ ਵੱਡਾ ਮਾਲੀਆ ਜਾਂਦਾ ਹੈ ਪਰ ਵਿਕਾਸ ਪੱਖੋਂ ਇਹ ਇਲਾਕਾ ਬਹੁਤ ਪਿੱਛੇ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਵਿਧਾਇਕ ਬੈਂਸ ਨੇ ਇਲਾਕੇ ਵਲ ਮੂੰਹ ਨਹੀਂ ਕੀਤਾ ਪਰ ਚੋਣਾਂ ਦੌਰਾਨ ਉਹ ਵੱਡੇ-ਵੱਡੇ ਦਾਅਵੇ ਕਰਨ ਆ ਜਾਂਦੇ ਹਨ। ਇਲਾਕੇ ਵਿਚ ਕਈ ਥਾਈਂ ਕੂੜੇ ਦੇ ਢੇਰ ਦੇਖਣ ਨੂੰ ਮਿਲ ਰਹੇ ਹਨ। ਇਲਾਕੇ ਦੇ ਲੋਕਾਂ ਨੇ ਦਸਿਆ ਕਿ ਉਹ ਲਗਾਤਾਰ ਟੈਕਸ ਭਰ ਰਹੇ ਹਨ ਪਰ ਸ਼ਹਿਰ ਵਿਚ ਸੜਕਾਂ ਟੁੱਟੀਆਂ ਹੋਈਆਂ ਹਨ। ਲੋਕਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਥੇ ਨਾ ਤਾਂ ਉਨ੍ਹਾਂ ਦਾ ਕੰਮ ਕਰਨ ਲਈ ਜੀਅ ਕਰਦਾ ਹੈ ਤੇ ਨਾ ਹੀ ਇਥੇ ਰਹਿਣ ਲਈ ਜੀਅ ਕਰਦਾ ਹੈ। ਉਨ੍ਹਾਂ ਕਿਹਾ ਕਿ ਇੰਜ ਲਗਦਾ ਹੈ ਕਿ ਜਿਵੇਂ ਇਥੇ ਕੋਈ ਨਹੀਂ ਰਹਿ ਰਿਹਾ।
ਇਲਾਕੇ ਦੇ ਕਈ ਲੋਕਾਂ ਨੇ ਦਸਿਆ ਕਿ ਉਹ ਵੀਹ ਸਾਲ ਤੋਂ ਇਥੇ ਰਹਿ ਰਹੇ ਹਨ ਤੇ ਉਦੋਂ ਤੋਂ ਲੈ ਕੇ ਹੁਣ ਤਕ ਇਕ ਵਾਰ ਵੀ ਸੜਕ ਨਹੀਂ ਬਣੀ। ਬਾਰਸ਼ ਦੇ ਦਿਨਾਂ ਵਿਚ ਘਰੋਂ ਬਾਹਰ ਜਾਣਾ ਔਖਾ ਹੋ ਜਾਂਦਾ ਹੈ, ਇਥੋਂ ਤਕ ਕਿ ਬੱਚਿਆਂ ਦੀ ਵੀ ਸਕੂਲਾਂ ਤੋਂ ਛੁੱਟੀ ਕਰਵਾਉਣੀ ਪੈਂਦੀ ਹੈ। ਇਸ ਦੌਰਾਨ ਭਾਰੀ ਨੁਕਸਾਨ ਹੁੰਦਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਕਿਸੇ ਸਿਆਸੀ ਪਾਰਟੀ ਨੂੰ ਵੋਟ ਨਹੀਂ ਦੇਣਗੇ, ਉਸ ਉਮੀਦਵਾਰ ਨੂੰ ਹੀ ਵੋਟ ਦਿਤੀ ਜਾਵੇਗੀ ਜੋ ਇਲਾਕੇ ਦੇ ਵਿਕਾਸ ਨੂੰ ਤਰਜੀਹ ਦੇਵੇਗਾ।
ਦਸਣਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੇ ਅਪਣੀ ਕਮਰ ਕੱਸ ਲਈ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਵਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿਛਲੀਆਂ ਸਰਕਾਰਾਂ ਤੋਂ ਨਾਖ਼ੁਸ਼ ਲੋਕਾਂ ਨੂੰ ਕਿਸੇ ਸਿਆਸੀ ਪਾਰਟੀ ਵਿਚ ਯਕੀਨ ਨਹੀਂ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਝੂਠੇ ਵਾਅਦਿਆਂ ਦੇ ਝਾਂਸੇ ਵਿਚ ਨਹੀਂ ਆਉਣਗੇ।