
ਸ਼ਹੀਦ ਕਿਸਾਨਾਂ ਦੇ ਪਰਵਾਰਾਂ ਨੂੰ ਵਾਜਬ ਮੁਆਵਜਾ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਦਿੱਲੀ ਮੋਰਚੇ ’ਤੇ ਸ਼ਹੀਦ ਹੋਏ ਕਿਸਾਨਾਂ ਦੇ ਬੱਚਿਆਂ ਨੂੰ ਸੰਤ ਅਤਰ ਸਿੰਘ ਟਰੱਸਟ ਮਸਤੂਆਣਾ ਸਾਹਿਬ ਵਲੋਂ ਮੁਫ਼ਤ ਪੜ੍ਹਾਈ ਕਰਵਾਉਣ ਦਾ ਐਲਾਨ ਕੀਤਾ ਹੈ। ਸ. ਢੀਂਡਸਾ ਲੰਮੇ ਸਮੇਂ ਤੋਂ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਦੇ ਪ੍ਰਧਾਨ ਚਲੇ ਆ ਰਹੇ ਹਨ।
Sukhdev Dhindsa
ਸ. ਢੀਂਡਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਵੀ ਸ਼ਹੀਦ ਕਿਸਾਨਾਂ ਦੇ ਪਰਵਾਰਾਂ ਨੂੰ ਵਾਜਬ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ। ਬੀਤੇ ਕੁੱਝ ਦਿਨਾਂ ਦੌਰਾਨ ਵਧੀ ਹੱਡ ਚੀਰਵੀਂ ਠੰਢ ਕਾਰਨ ਖੁਲ੍ਹੇ ਅਸਮਾਨ ਹੇਂਠ ਬੈਠੇ ਸੰਘਰਸ਼ੀਲ ਕਿਸਾਨਾਂ ਦੇ ਸ਼ਹੀਦ ਹੋਣ ਦੀਆਂ ਲਗਾਤਾਰ ਮਿਲ ਰਹੀਆਂ ਖ਼ਬਰਾਂ ’ਤੇ ਦੁੱਖ ਪ੍ਰਗਟ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਦਿੱਲੀ ਸੰਘਰਸ਼ ਵਿਚ ਹੁਣ ਤਕ 50 ਤੋਂ ਵੀ ਵੱਧ ਕਿਸਾਨ ਸ਼ਹੀਦੀ ਪਾ ਚੁੱਕੇ ਹਨ। ਅਜਿਹੇ ਵਿਚ ਕੇਂਦਰ ਨੂੰ ਕਿਸਾਨਾਂ ਪ੍ਰਤੀ ਇੰਨਾ ਬੇਦਰਦ ਨਹੀਂ ਹੋਣਾ ਚਾਹੀਦਾ ਹੈ।
Sukhdev Singh Dhindsa
ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਠੰਢ ਵਧਣ ਨਾਲ ਦਿੱਲੀ ਸੰਘਰਸ਼ ਵਿੱਚ ਡਟੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ ਅਤੇ ਬੀਤੇ ਕੁੱਝ ਦਿਨਾਂ ਦੌਰਾਨ ਇਲਾਕੇ ਵਿਚ ਵਧੀ ਕੜਾਕੇ ਦੀ ਠੰਢ ਕਾਰਨ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਾਲਤ ਖ਼ਰਾਬ ਹੋ ਰਹੀ ਹੈ ਅਤੇ ਅੰਦੋਲਨ ਵਿਚ ਸ਼ਾਮਲ ਬਜ਼ੁਰਗ ਅਤੇ ਬੱਚੇ ਬੀਮਾਰ ਹੋ ਰਹੇ ਹਨ।
Sukhdev Dhindsa
ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਦਿ੍ਰੜ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਅਹਿਮ ਫਰਜ਼ ਹੈ ਪਰ ਅਫ਼ਸੋਸ ਹੈ ਕਿਸਾਨਾਂ ਦੀ ਇਹ ਹਾਲਤ ਕੇਂਦਰ ਸਰਕਾਰ ਨੂੰ ਨਜ਼ਰ ਨਹੀਂ ਆ ਰਹੀ ਹੈ।