
ਨਵਜੋਤ ਸਿੰਘ ਸਿੱਧੂ ਵਿਰੁਧ ਸਿੱਖ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਅਤੇ ਡੀ.ਸੀ.ਪੀ ਨੂੰ ਦਿਤਾ ਮੰਗ ਪੱਤਰ
ਅੰਮ੍ਰਿਤਸਰ, 29 ਦਸੰਬਰ (ਅਮਨਦੀਪ ਸਿੰਘ ਕੱਕੜ): ਪੰਜਾਬ ਦੇ ਕੱਦਵਾਰ ਨੇਤਾ ਨਵਜੋਤ ਸਿੰਘ ਸਿੱਧੂ ਜੋ ਅਕਸਰ ਹੀ ਅਪਣੇ ਵਿਵਾਦਤ ਬਿਆਨਾਂ ਕਰ ਕੇ ਸੁਰਖੀਆਂ ਵਿਚ ਰਹਿੰਦੇ ਹਨ। ਉਨ੍ਹਾਂ ’ਤੇ ਇਸ ਵਾਰ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦਾ ਦੋਸ਼ ਲੱਗਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁੱਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਵਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ ਦੀ ਇਕ ਵੀਡੀਉ ਅਪਣੇ ਨਿਜੀ ਚੈਨਲ ਤੇ ਡਾਊਨਲੋਡ ਕੀਤੀ ਗਈ ਸੀ। ਨਵਜੋਤ ਸਿੰਘ ਸਿੱਧੂ ਵਲੋਂ ਜਿਹੜਾ ਸ਼ਾਲ ਲਿਆ ਗਿਆ ਸੀ ਉਸ ਉਪਰ ਖੰਡਾ ਸਾਹਿਬ ਸੁਸ਼ੋਭਿਤ ਸੀ ਜਿਸ ਦਾ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ। ਅੱਜ ਸਿੱਖ ਜਥੇਬੰਦੀਆਂ ਨੇ ਨਵਜੋਤ ਸਿੰਘ ਸਿੱਧੂ ਵਿਰੁਧ ਅਕਾਲ ਤਖ਼ਤ ਸਾਹਿਬ ਅਤੇ ਅੰਮ੍ਰਿਤਸਰ ਦੇ ਡੀ.ਸੀ.ਪੀ ਨੂੰ ਇਕ ਮੰਗ ਪੱਤਰ ਦਿਤਾ ਗਿਆ।
ਇਸ ਮੌਕੇ ਸਿੱਖ ਜਥੇਬੰਦੀ ਦੇ ਇਕ ਆਗੂ ਭਾਈ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵਲੋਂ ਕਈ ਵਾਰ ਵਿਵਾਦਤ ਬਿਆਨ ਦਿਤੇ ਜਾਂਦੇ ਰਹੇ, ਪਰ ਇਸ ਵਾਰ ਉਨ੍ਹਾਂ ਵਲੋਂ ਹੱਦ ਹੀ ਮੁਕਾ ਦਿਤੀ ਗਈ। ਉਨ੍ਹਾਂ ਵਲੋਂ ਇਕ ਵੀਡੀਉ ਪੋਸਟ ਕੀਤੀ ਗਈ ਜਿਸ ’ਤੇ ਉਨ੍ਹਾਂ ਇਕ ਸ਼ਾਲ ਲਿਆ ਹੋਇਆ ਹੈ ਜਿਸ ’ਤੇ ਗੁਰੂ ਸਾਹਿਬਾਨ ਦਾ ਚਿੰਨ੍ਹ ਖੰਡਾ ਵੇਖਿਆ ਜਾ ਰਿਹਾ ਹੈ।