
ਚੰਨੀ ਨੇ ਖ਼ੁਦ ਸਟੇਅਰਿੰਗ ਸੰਭਾਲਦਿਆਂ 58 ਨਵੀਆਂ ਬਸਾਂ ਨੂੰ ਰੂਟ 'ਤੇ ਤੋਰਿਆ
ਰਾਜਾ ਵੜਿੰਗ ਨੇ ਵੀ 60 ਦੀ ਸਪੀਡ 'ਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਖ਼ੁਦ ਬੱਸ ਦੌੜਾਈ
ਚੰਡੀਗੜ੍ਹ, 29 ਦਸੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਅਪਣੀ ਸਰਕਾਰੀ ਰਿਹਾਇਸ਼ ਸਾਹਮਣਿਉਂ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਦੀਆਂ 58 ਨਵੀਆਂ ਬਸਾਂ ਨੂੰ ਹਰੀ ਝੰਡੀ ਦੇ ਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਮੌਜੂਦਗੀ ਵਿਚ ਰੂਟ 'ਤੇ ਰਵਾਨਾ ਕੀਤਾ |
ਜ਼ਿਕਰਯੋਗ ਗੱਲ ਇਹ ਹੈ ਕਿ ਹਰੀ ਝੰਡੀ ਦੇਣ ਮਗਰੋਂ ਚੰਨੀ ਖ਼ੁਦ ਇਕ ਬੱਸ ਦੀ ਡਰਾਈਵਰ ਸੀਟ 'ਤੇ ਬੈਠੇ ਅਤੇ ਖ਼ੁਦ ਸਟੇਅਰਿੰਗ ਸੰਭਾਲਦਿਆਂ ਕੁੱਝ ਦੂਰੀ ਤਕ ਬੱਸ ਚਲਾ ਕੇ ਅੱਗੇ ਰਵਾਨਾ ਕੀਤਾ | ਟਰਾਂਸਪੋਰਟ ਮੰਤਰੀ ਵੀ ਮੁੱਖ ਮੰਤਰੀ ਤੋਂ ਪਿੱਛੇ ਨਹੀਂ ਰਹੇ ਅਤੇ ਉਨ੍ਹਾਂ ਨੇ ਮੀਡੀਆ ਦੇ ਪ੍ਰਤੀਨਿਧਾਂ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਬੱਸ ਵਿਚ ਨਾਲ ਬਿਠਾ ਕੇ 60 ਦੀ ਸਪੀਡ ਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਖ਼ੁਦ ਡਰਾਈਵਿੰਗ ਕਰਦਿਆਂ ਬੱਸ ਦੌੜਾਈ |
ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ,''ਮੇਰੇ ਵਿਰੋਧੀ ਮੇਰਾ ਇਸ ਕਰ ਕੇ ਮਾਖੌਲ ਉਡਾਉਂਦੇ ਰਹਿੰਦੇ ਹਨ ਕਿ ਮੈਂ ਆਹ ਕਰ ਲੈਂਦਾ ਹਾਂ, ਮੈਂ ਉਹ ਕਰ ਲੈਂਦਾ ਹਾਂ ਪਰ ਅੱਜ ਮੈਂ ਦਸਣਾ ਚਾਹੁੰਦਾ ਹਾਂ ਕਿ ਮੈਂ ਬੱਸ ਵੀ ਚਲਾ ਲੈਂਦਾ ਹਾਂ |'' ਮੱੁਖ ਮੰਤਰੀ ਨੇ ਅੱਜ ਇਸ ਮੌਕੇ ਇਕ ਅਹਿਮ ਐਲਾਨ ਕਰਦਿਆਂ ਸਰਕਾਰੀ ਤੇ ਨਿਜੀ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਪੜ੍ਹਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦੀ ਗੱਲ ਆਖੀ | ਪਹਿਲਾਂ ਸਿਰਫ਼ ਸਰਕਾਰੀ ਅਦਾਰਿਆਂ ਦੇ ਵਿਦਿਆਰਥੀਆਂ ਦੇ ਮੁਫ਼ਤ ਬੱਸ ਦੇ ਪਾਸ ਬਣਦੇ ਸਨ ਪਰ ਹੁਣ ਸਾਰਿਆਂ ਦੇ ਬਣਨਗੇ | ਅੱਜ ਮੁੱਖ ਮੰਤਰੀ ਵਲੋਂ ਸਰਕਾਰੀ ਫ਼ਲੀਟ ਵਿਚ 842 ਨਵੀਆਂ ਬਸਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ | ਪਹਿਲੇ ਪੜਾਅ ਵਿਚ ਅੱਜ ਫ਼ਲੀਟ ਵਿਚ ਸ਼ਾਮਲ ਕੀਤੀਆਂ 58 ਬਸਾਂ ਵਿਚ 30 ਪੰਜਾਬ ਰੋਡਵੇਜ਼ ਅਤੇ 28 ਪੀ.ਆਰ.ਟੀ.ਸੀ. ਦੀਆਂ ਹਨ |
ਮੁੱਖ ਮੰਤਰੀ ਨੇ ਕਿਹਾ ਕਿ 400 ਕਰੋੜ ਰੁਪਏ ਦੀ ਲਾਗਤ ਨਾਲ 105 ਬੱਸ ਅੱਡਿਆਂ ਦੀ ਉਸਾਰੀ ਤੇ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ | ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਅਪਣੇ ਥੋੜ੍ਹੇ ਹੀ ਸਮੇਂ ਵਿਚ ਟਰਾਂਸਪੋਰਟ ਮਾਫ਼ੀਆ ਦੀ ਲਗਾਮ ਕਸ ਕੇ ਆਮਦਨ ਵਿਚ ਵੱਡਾ ਵਾਧਾ ਕੀਤਾ ਹੈ ਅਤੇ ਬੱਸ ਅੱਡਿਆਂ ਦੀ ਸਾਫ਼ ਸਫ਼ਾਈ ਅਤੇ ਸੁਧਾਰ ਦੇ ਵੱਡੇ ਕੰਮ ਹੋਏ ਹਨ ਅਤੇ ਹੁਣ ਸਿਰਫ਼ ਇਕ ਕੰਮ ਹੋਰ ਕਰਨਾ ਹੈ ਕਿ ਪੰਜਾਬ ਦੀਆਂ ਸਰਕਾਰੀ ਬਸਾਂ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤਕ ਜਾਣ ਦੀ ਦਿੱਲੀ ਸਰਕਾਰ ਤੋਂ ਮੰਜ਼ੂਰੀ ਦਿਵਾਈ ਜਾਵੇ |