
ਆਸ਼ਾ ਵਰਕਰਾਂ ਤੇ ਫ਼ੈਸਿਲੀਟੇਟਰ ਦੀਆਂ ਕਈ ਮੰਗਾਂ ਮੁੱਖ ਮੰਤਰੀ ਚੰਨੀ ਨੇ ਮੰਨੀਆਂ
ਚੰਡੀਗੜ੍ਹ, 29 ਦਸੰਬਰ (ਭੁੱਲਰ): ਸੂਬੇ ਦੇ ਸਿਹਤ ਵਿਭਾਗ ਅੰਦਰ ਕੰਮ ਕਰਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆਂ ਤਿੰਨ ਪ੍ਰਮੁੱਖ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਵਰਕਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੁਹਿਰਦਤਾ ਦਿਖਾਉਂਦਿਆਂ ਸਾਂਝਾ ਮੋਰਚਾ ਉਸਾਰ ਕੇ ਪਿਛਲੇ ਕੁਝ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸੰਘਰਸ਼ ਦੇ ਦਬਾਅ ਸਦਕਾ ਆਸ਼ਾ ਵਰਕਰਾਂ ਦੀਆਂ ਜਥੇਬੰਦੀਆਂ ਨੂੰ ਮੁੱਖ ਮੰਤਰੀ ਵਲੋਂ ਮੀਟਿੰਗ ਦਾ ਸਮਾਂ ਦਿਤਾ ਗਿਆ। ਸਾਂਝੇ ਮੋਰਚੇ ਵਲੋਂ ਮੀਟਿੰਗ ਵਿਚ ਜਥੇਬੰਦੀ ਦੀਆਂ ਆਗੂਆਂ ਰਾਣੋ ਖੇੜੀ ਗਿੱਲਾਂ, ਪਰਮਜੀਤ ਮਾਨ ਅਤੇ ਬਲਵੀਰ ਕੌਰ ਦੀ ਅਗਵਾਈ ਹੇਠ ਵਫ਼ਦ ਵਲੋਂ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਗਈ।
ਮੀਟਿੰਗ ਵਿਚ ਮੁੱਖ ਮੰਤਰੀ ਤੋਂ ਇਲਾਵਾ ਸਿਹਤ ਮੰਤਰੀ ਉੱਤੇ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਸਨ। ਆਗੂਆਂ ਵਲੋਂ ਪਿਛਲੀ ਮੀਟਿੰਗ ਵਿਚ ਮੰਨੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਹਰਿਆਣਾ ਪੈਟਰਨ ਲਾਗੂ ਕਰਨ ਸਹਿਤ ਬਾਕੀ ਮੰਗਾਂ ਦੀ ਪੂਰਤੀ ਲਈ ਵੀ ਜ਼ੋਰ ਦਿਤਾ ਗਿਆ। ਆਗੂਆਂ ਵਲੋਂ ਜਾਣਕਾਰੀ ਦਿੰਦਿਆਂ ਦਸਿਆ ਕਿ ਮੀਟਿੰਗ ਵਿਚ ਮੁੱਖ ਮੰਤਰੀ ਵਲੋਂ 2500 ਰੁਪਏ ਮਾਣ ਭੱਤੇ ਦੇ ਤੌਰ ਤੇ ਪੱਕਾ ਕਰਨ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਪ੍ਰਸੂਤਾ ਛੁੱਟੀ ਦੇਣ ਅਤੇ ਕਿਸੇ ਵੀ ਆਸ਼ਾ ਵਰਕਰ ਦੀ ਜਾਨ ਚਲੀ ਜਾਣ ਤੇ ਐਕਸਗ੍ਰੇਸ਼ੀਆ ਦੇਣ ਦੀਆ ਮੰਗਾਂ ਨੂੰ ਪ੍ਰਵਾਨ ਕੀਤਾ। ਉਨ੍ਹਾਂ ਵਲੋਂ ਇਸ ਸਬੰਧੀ ਮਿਤੀ 30 ਦਸੰਬਰ ਨੂੰ ਚਮਕੌਰ ਸਾਹਿਬ ਵਿਖੇ ਇਨ੍ਹਾਂ ਮੰਨੀਆਂ ਮੰਗਾਂ ਦਾ ਐਲਾਨ ਕਰਨ ਦਾ ਵਾਅਦਾ ਵੀ ਕੀਤਾ।