
ਮਾਪਿਆਂ ਨੇ ਲਗਾਈ ਨਸ਼ਾ ਬੰਦ ਕਰਨ ਦੀ ਗੁਹਾਰ
ਦੁੱਗਰੀ : ਲੁਧਿਆਣਾ ਵਿੱਚ ਨਸ਼ੇ ਨੇ ਇੱਕ ਹੋਰ ਪਰਿਵਾਰ ਦਾ ਚਿਰਾਗ਼ ਬੁਝਾ ਦਿੱਤਾ ਹੈ । ਜਾਣਕਾਰੀ ਅਨੁਸਾਰ 22 ਸਾਲਾ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਇਸ ਮੌਕੇ ਪਿਤਾ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ੇ ਨੇ ਉਨ੍ਹਾਂ ਦਾ ਘਰ ਤਾਂ ਉਜਾੜ ਦਿੱਤਾ ਪਰ ਸਰਕਾਰ ਨੂੰ ਨਸ਼ਾ ਰੋਕਣ ਲਈ ਸਖਤੀ ਕਰਨੀ ਚਾਹੀਦੀ ਹੈ ਤਾਂ ਜੋ ਹੋਰਾਂ ਨੌਜਵਾਨਾਂ ਨੂੰ ਇਸ ਦਲਦਲ ਵਿਚੋਂ ਕੱਢਿਆ ਜਾ ਸਕੇ ਅਤੇ ਅਨੇਕਾਂ ਘਰ ਉਜੜਨ ਤੋਂ ਬਚਾਏ ਜਾ ਸਕਣ।
ਦੱਸ ਦੇਈਏ ਕਿ ਲੁਧਿਆਣਾ ਦੇ ਦੁੱਗਰੀ ਇਲਾਕੇ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇਕ 22 ਸਾਲਾ ਨੌਜਵਾਨ ਗੁਰਸਿਮਰਨਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ । ਜਿਸ ਦੀ ਪੁਸ਼ਟੀ ਉਸ ਦੇ ਪਿਤਾ ਵੱਲੋਂ ਕੀਤੀ ਗਈ ਹੈ। ਇਸ ਮੌਕੇ ਬੋਲਦੇ ਹੋਏ ਨੌਜਵਾਨ ਦੇ ਪਿਤਾ ਨੇ ਕਿਹਾ ਨੌਜਵਾਨ ਪੁੱਤਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ ਅਤੇ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਉਪਰਾਲੇ ਕੀਤੇ ਜਾਣ ਕਿ ਹੋਰਾਂ ਨੌਜਵਾਨਾਂ ਨੂੰ ਬਚਾਇਆ ਜਾ ਸਕੇ।
ਗੁਆਂਢ ਵਿਚ ਰਹਿਣ ਵਾਲੇ ਨੌਜਵਾਨ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਮੀਨੀ ਪੱਧਰ ਉਪਰ ਉਪਰਾਲੇ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਨੂੰ ਢੁਕਵੇਂ ਕਦਮ ਚੁਕਦਿਆਂ ਇਸ ਅਲਾਮਤ ਨੂੰ ਜੜ੍ਹ ਤੋਂ ਪੁੱਟਣਾ ਚਾਹੀਦਾ ਹੈ।