
ਸਿਆਸਤਦਾਨਾਂ ਲਈ ਖਾਸ ਰਿਹਾ 2023
Year Ender 2023: ਸਾਲ 2023 ਪੰਜਾਬ ਦੀ ਸਿਆਸਤ ਦੇ ਨਾਲ-ਨਾਲ ਸਿਆਸਤਦਾਨਾਂ ਲਈ ਵੀ ਬੇਹੱਦ ਖ਼ਾਸ ਰਿਹਾ, ਕੋਈ ਲਾੜਾ ਬਣ ਕੇ ਘੋੜੀ ਚੜ੍ਹਿਆ, ਕਿਸੇ ਦੇ ਘਰ ਕਿਲਕਾਰੀ ਗੂੰਜੀ, ਕੋਈ ਚਾਵਾਂ ਦੇ ਨਾਲ ਨੂੰਹ ਨੂੰ ਘਰੇ ਲੈ ਕੇ ਆਇਆ ਤੇ ਕਿਸੇ ਨੇ ਆਪਣੀ ਧੀ ਨੂੰ ਵਿਦਾ ਕੀਤਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਭ ਤੋਂ Highlighted ਵਿਆਹ ਦੀ, ਜਿਸ ਨੇ 2023 'ਚ ਖੂਬ ਸੁਰਖ਼ੀਆਂ ਬਟੋਰੀਆਂ।
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ 24 ਸਤੰਬਰ ਨੂੰ ਵਿਆਹ ਦੇ ਬੰਧਨ 'ਚ ਬੱਝੇ। ਰਾਜਸਥਾਨ ਦੇ ਉਦੈਪੁਰ ਵਿਖੇ ਦੋਹਾਂ ਦੇ ਵਿਆਹ ਦੀਆਂ ਰਸਮਾਂ ਹੋਈਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਘਵ ਚੱਢਾ ਦੀ ਬਾਰਾਤ 'ਚ ਨੱਚਦੇ ਹੋਏ ਦਿਖਾਈ ਦਿੱਤੇ।
ਹੁਣ ਗੱਲ ਕਰਦੇ ਹਾਂ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ, ਜਿਹਨਾਂ ਦਾ ਵਿਆਹ 25 ਮਾਰਚ, 2023 ਨੂੰ ਆਈ. ਪੀ. ਐੱਸ. ਅਧਿਕਾਰੀ ਜੋਤੀ ਯਾਦਵ ਨਾਲ ਹੋਇਆ। ਨੰਗਲ ਦੇ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਜੋੜੀ ਦੇ ਅਨੰਦ ਕਾਰਜ ਹੋਏ।
Gurmeet Singh Meet Hayer tied the knot with Dr Gurveen Kaur
ਆਪਣੇ ਦੋਸਤ ਹਰਜੋਤ ਬੈਂਸ ਤੇ ਰਾਘਵ ਚੱਢਾ ਦੇ ਸਿਹਰਾ ਸੱਜਦਾ ਵੇਖ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਉਸ ਤੋਂ ਬਾਅਦ ਲਾੜਾ ਬਣ ਗਏ । 7 ਨਵੰਬਰ, 2023 ਨੂੰ ਮੇਰਠ ਦੀ ਡਾ. ਗੁਰਵੀਨ ਕੌਰ ਨੂੰ ਮੰਤਰੀ ਸਾਬ੍ਹ ਨੇ ਆਪਣਾ ਹਮਸਫ਼ਰ ਬਣਾ ਲਿਆ। ਗੁਰੂ ਮਰਿਆਦਾ ਅਨੁਸਾਰ ਨਵਾਂਗਾਓਂ 'ਚ ਜੋੜੇ ਨੇ ਲਾਵਾਂ ਲਈਆਂ। ਜਿੱਥੇ ਮੰਤਰੀਆਂ ਦੇ ਘਰ ਸ਼ਹਿਨਾਈਆਂ ਵੱਜੀਆਂ ਓਥੇ ਵਿਆਹ ਦੀ ਲੜੀ ਵਿਚ ਹੋਰ ਵਿਧਾਇਕ ਵੀ ਪਿੱਛੇ ਨਹੀਂ ਰਹੇ।
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ-ਰਾਜਵੀਰ ਕੌਰ
ਆਮ ਆਦਮੀ ਪਾਰਟੀ ਦੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ 2 ਅਪ੍ਰੈਲ 2023 ਨੂੰ ਸਿੱਖ ਧਾਰਮਿਕ ਆਗੂ ਸੰਤ ਬਾਬਾ ਰੇਸ਼ਮ ਸਿੰਘ ਚੱਕ ਪੱਕੀ ਵਾਲੇ ਦੀ ਪੋਤੀ ਰਾਜਵੀਰ ਕੌਰ ਨਾਲ ਵਿਆਹ ਕਰਵਾ ਲਿਆ। ਇਹ ਵਿਆਹ ਵੀ ਇਸ ਸਾਲ ਸੁਰਖੀਆਂ 'ਚ ਰਿਹਾ। ਦੋਵਾਂ ਦਾ ਵਿਆਹ ਹਿਮਾਚਲ ਪ੍ਰਦੇਸ਼ ਦੇ ਚੈਲ ਸਥਿਤ ਗੁਰਦੁਆਰੇ ਵਿਚ ਹੋਇਆ ਸੀ।
'ਆਪ' ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ- ਖੁਸ਼ਬੂ ਸਾਵਣਸੁਖਾ
ਮਾਨ ਸਰਕਾਰ ਵਿਚ ਪਹਿਲੀ ਵਾਰ ਵਿਧਾਇਕ ਬਣੇ ਨਰਿੰਦਰ ਸਿੰਘ ਸਾਵਨਾ ਨੇ ਵੀ ਇਸੇ ਸਾਲ 26 ਜਨਵਰੀ 2023 ਨੂੰ ਖੁਸ਼ਬੂ ਸਾਵਣਸੁਖਾ ਨਾਲ ਵਿਆਹ ਕੀਤਾ ਸੀ। ਇਸ ਵਿਆਹ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ।
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ - ਰੇਮਨ ਸੰਧੂ
ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵੀ ਦਸੰਬਰ 2023 ਵਿਚ ਰੇਮਨ ਸੰਧੂ ਨਾਲ ਸੱਤ ਫੇਰੇ ਲਏ। ਵਿਆਹ ਤੋਂ ਬਾਅਦ ਅਨਾਜ ਮੰਡੀ ਅਮਲੋਹ ਵਿਚ ਖੁਸ਼ੀ ਦਾ ਜਸ਼ਨ ਮਨਾਇਆ ਗਿਆ।
'ਆਪ' ਵਿਧਾਇਕ ਰਣਵੀਰ ਸਿੰਘ ਭੁੱਲਰ-ਅਮਨਦੀਪ ਕੌਰ ਗੌਂਸਲ
ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਭੁੱਲਰ ਨੇ ਵੀ ਇਸੇ ਸਾਲ 62 ਸਾਲ ਦੀ ਉਮਰ ਵਿਚ ਅਮਨਦੀਪ ਕੌਰ ਗੌਂਸਲ ਨਾਲ ਦੂਜਾ ਵਿਆਹ ਕਰਵਾਇਆ ਹੈ। ਫਿਰੋਜ਼ਪੁਰ ਦੇ ਵਿਧਾਇਕ ਲਈ ਗੁਰਦੁਆਰਾ ਸਾਹਿਬ ਵਿਖੇ ਅਮਨਦੀਪ ਕੌਰ ਗੌਂਸਲ ਨਾਲ ਉਨ੍ਹਾਂ ਦਾ ਵਿਆਹ ਅਹਿਮ ਪਲ ਸੀ।
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਬੇਟੇ ਦਾ ਵਿਆਹ
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੱਧੂ ਦਾ ਵੀ ਇਸ ਸਾਲ 7 ਦਸੰਬਰ 2023 ਨੂੰ ਪਟਿਆਲਾ ਵਿਚ ਇਨਾਇਤ ਰੰਧਾਵਾ ਨਾਲ ਵਿਆਹ ਹੋਇਆ ਸੀ। ਇਸ ਵਿਆਹ ਵਿਚ ਨਵਜੋਤ ਸਿੰਘ ਸਿੱਧੂ ਵੀ ਭੰਗੜਾ ਪਾਉਂਦੇ ਨਜ਼ਰ ਆਏ।
ਸਾਂਸਦ ਗੁਰਜੀਤ ਸਿੰਘ ਔਜਲਾ ਦੀ ਬੇਟੀ ਦਾ ਵਿਆਹ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਸਾਲ ਆਪਣੀ ਧੀ ਨਿਗਤ ਔਜਲਾ ਨੂੰ ਵਿਦਾਈ ਦਿੱਤੀ। ਨਿਗਤ ਔਜਲਾ ਨੇ ਨਵੰਬਰ 2023 ਵਿਚ ਤੇਜਪ੍ਰਤਾਪ ਸਿੰਘ ਚੀਮਾ ਨਾਲ ਵਿਆਹ ਕਰਵਾਇਆ। ਦੋ ਪਰਿਵਾਰਾਂ ਦੇ ਮਿਲਾਪ ਦਾ ਜਸ਼ਨ ਮਨਾਉਣ ਵਾਲੇ ਵਿਆਹ ਵਿਚ ਸੀਐਮ ਭਗਵੰਤ ਮਾਨ ਅਤੇ ਹੋਰ ਮਸ਼ਹੂਰ ਨੇਤਾ ਸ਼ਾਮਲ ਹੋਏ।
ਕਿੰਨਾਂ ਦੇ ਘਰ ਕਿਲਕਾਰੀਆਂ ਗੂੰਝੀਆਂ
ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਬਣੇ ਪਿਤਾ , ਅਗਸਤ ਮਹੀਨੇ 'ਚ ਪਰਮਾਤਮਾ ਨੇ ਧੀ ਦੀ ਦਾਤ ਬਖਸ਼ੀ। ਸਤੰਬਰ 'ਚ ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੀ ਪੁੱਤਰ ਨੂੰ ਜਨਮ ਦਿੱਤਾ। ਉਹਨਾਂ ਦਾ ਵਿਆਹ 2022 ਵਿਚ ਹੋਇਆ ਸੀ।