
ਕਿਹਾ, ਕੇਂਦਰ ਸਰਕਾਰ ਨੈਸ਼ਨਲ ਮੀਡੀਆ ’ਤੇ ਪਾਬੰਦੀ ਲਗਾ ਦੇਵੇ, ਹਿੰਦੋਸਤਾਨ ’ਚ ਸ਼ਾਂਤੀ ਆਪੇ ਆਪ ਹੋ ਜਾਵੇਗੀ
ਚੰਡੀਗੜ੍ਹ : 26 ਜਨਵਰੀ ਨੂੰ ਵਾਪਰੀ ਘਟਨਾ ਤੋਂ ਬਾਅਦ ਕਿਸਾਨੀ ਅੰਦੋਲਨ ’ਤੇ ਸਵਾਲੀਆਂ ਨਿਸ਼ਾਨ ਲੱਗ ਗਿਆ, ਜਿਸ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਮੁੜ ਪੈਰਾਂ-ਸਿਰ ਕਰ ਗਈ, ਪਰ ਇਸ ਦੌਰਾਨ ਵੱਡੀ ਗਿਣਤੀ ’ਚ ਨੌਜਵਾਨਾਂ ਸਮੇਤ ਕਿਸਾਨ ਆਗੂਆਂ ’ਤੇ ਦਿੱਲੀ ਪੁਲਿਸ ਵਲੋਂ ਪਰਚੇ ਦਰਜ ਕੀਤੇ ਗਏ ਹਨ। ਅਜੇ ਤਕ ਬਹੁਤ ਸਾਰੇ ਨੌਜਵਾਨ ਲਾਪਤਾ ਹਨ ਜਾਂ ਦਿੱਲੀ ’ਚ ਜੇਲ੍ਹ ਅੰਦਰ ਬੰਦ ਹਨ। ਇਨ੍ਹਾਂ ਨੌਜਵਾਨਾਂ ਦੀ ਰਿਹਾਈ ਅਤੇ ਇਨ੍ਹਾਂ ਦੇ ਕੇਸਾਂ ਦੀ ਪੈਰਵਈ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਡਿਊਟੀ ਲਾਈ ਗਈ ਹੈ। ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ, ਪੇਸ਼ ਹਨ ਮੁਲਾਕਾਤ ਦੇ ਵਿਸ਼ੇਸ਼ ਅੰਸ਼ :
Sukhjinder Randhawa
ਸਵਾਲ : ਜੇਲ੍ਹਾਂ ਅੰਦਰ ਬੈਠੇ ਸਿੱਖਾਂ ਦਾ ਮੁੱਦਾ ਲੰਮੇ ਸਮੇਂ ਲਟਕਦਾ ਆ ਰਿਹਾ ਹੈ, ਹੁਣ ਹੋਰ ਸਿੱਖ ਜੇਲ੍ਹਾਂ ਅੰਦਰ ਚਲੇ ਗਏ ਹਨ, ਜਿਨ੍ਹਾਂ ਦਾ ਧਿਆਨ ਰੱਖਣ ਦੀ ਗੱਲ ਪੰਜਾਬ ਸਰਕਾਰ ਕਰ ਰਹੀ ਹੈ, ਇਸ ਕਿਸ ਤਰ੍ਹਾਂ ਹੋਵੇਗਾ?
ਜਵਾਬ : ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੈਠੇ ਸਿੱਖਾਂ ਨੂੁੰ ਬਾਹਰ ਕਢਵਾਉਣ ਲਈ ਪੰਜਾਬ ਸਰਕਾਰ ਫ਼ਿਕਰਮੰਦ ਹੈ। ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਕੋਲ ਇਹ ਮੁੱਦਾ ਉਠਾਇਆ ਸੀ, ਜੋ ਅਜੇ ਪੈਂਡਿੰਗ ਪਿਐ। ਹੁਣ 26 ਜਨਵਰੀ ਦੇ ਟਰੈਕਟਰ ਮਾਰਚ ਦੌਰਾਨ ਵਾਪਰੀ ਘਟਨਾ ਸਬੰਧੀ ਕਈ ਨੌਜਵਾਨਾਂ ਨੂੰ ਤਿਰੰਗੇ ਦੀ ਬੇਅਦਬੀ ਦੇ ਦੋਸ਼ਾਂ ਤਹਿਤ ਗਿ੍ਰਫ਼ਤਾਰ ਕੀਤਾ ਗਿਆ ਹੈ। ਜਦਕਿ ਉਥੇ ਤਿਰੰਗੇ ਦੀ ਬੇਅਦਬੀ ਦੀ ਕੋਈ ਘਟਨਾ ਵਾਪਰੀ ਹੀ ਨਹੀਂ ਹੈ। ਕਿਉਂਕਿ ਉਥੇ ਕਿਸਾਨੀ ਝੰਡੇ ਦੇ ਨਾਲ ਨਾਲ ਕੇਸਰੀ ਝੰਡਾ ਲਹਿਰਾਇਆ ਗਿਆ ਹੈ। ਜੇਕਰ ਫ਼ੌਜ ਵਿਚ ਵੱਖ-ਵੱਖ ਧਰਮਾਂ ਦੇ ਝੰਡਿਆਂ ਦੀ ਵਰਤੋਂ ਹੋ ਸਕਦੀ ਹੈ ਤਾਂ ਇੱਥੇ ਇਹ ਕਿਵੇਂ ਗ਼ਲਤ ਹੋ ਗਿਐ। ਪੰਜਾਬ ਨੂੰ ਦੇਸ਼ ਭਗਤੀ ਸਿਖਾਉਣ ਦੀ ਕਿਸੇ ਨੂੰ ਗ਼ਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਵਿਚ 80 ਫ਼ੀ ਸਦੀ ਤੋਂ ਵਧੇਰੇ ਕੁਰਬਾਨੀਆਂ ਦਿਤੀਆਂ ਹਨ। ਸਰਹੱਦਾਂ ’ਤੇ ਸ਼ਹੀਦ ਹੋਣ ਵਾਲਿਆਂ ਵਿਚ ਵੀ ਜ਼ਿਆਦਾਤਰ ਪੰਜਾਬੀ ਹੀ ਹਨ ਜਿਨ੍ਹਾਂ ਦੀਆਂ ਲਾਸ਼ਾਂ ਤਰੰਗੇ ਵਿਚ ਲਪੇਟੀਆਂ ਆਉਂਦੀਆਂ ਹਨ।
Sukhjinder Randhawa
ਸਵਾਲ : ਜੇਲ੍ਹਾਂ ਵਿਚ ਪੰਜਾਬ ਦੇ ਕਿੰਨੇ ਨੌਜਵਾਨ ਬੰਦ ਹਨ?
ਜਵਾਬ : ਹੁਣ ਤਕ ਦੀ ਜਾਣਕਾਰੀ ਮੁਤਾਬਕ ਪੰਜਾਬ ਦੇ 67 ਨੌਜਵਾਨ ਸ਼ਾਮਲ ਹਨ, ਜਦਕਿ ਬਾਕੀ ਦੂਜੇ ਸੂਬਿਆਂ ਤੋਂ ਹਨ। ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਉਨ੍ਹਾਂ ਨੌਜਵਾਨਾਂ ਦੇ ਨਾਮ-ਪਤੇ ਲੱਭਣ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਨੌਜਵਾਨਾਂ ਦੀ ਕਾਨੂੰਨੀ ਲੜਾਈ ਪੰਜਾਬ ਸਰਕਾਰ ਖੁਦ ਲੜੇਗੀ। ਮੁੱਖ ਮੰਤਰੀ ਵਲੋਂ ਹੈਲਪਲਾਈਨ ਬਣਾਉਣ ਦਾ ਫ਼ੈਸਲਾ ਵੀ ਕੀਤਾ ਹੈ, ਜਿਸ ’ਚ ਨੌਜਵਾਨਾਂ ਦੇ ਮਾਪੇ ਸੰਪਰਕ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨਾਲ ਵੀ ਸੰਪਰਕ ਕੀਤਾ ਹੈ।
Sukhjinder Randhawa
ਸਵਾਲ : ਟਿਕਰੀ ਬਾਰਡਰ ਤੋਂ ਚੁੱਕੇ ਗਏ ਨੌਜਵਾਨ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਹੈ। ਅਮਰੀਕਾ ਵਿਚ ਇਕ ਵਿਅਕਤੀ ਦੇ ਸਿਰ ’ਤੇ ਪੈਰ ਰੱਖਿਆ ਗਿਆ ਤਾਂ ਪੂਰੀ ਦੁਨੀਆਂ ਹਿੱਲ ਗਈ ਸੀ, ਪਰ ਸਾਡੇ ਦਿੱਲੀ ਵਿਚ ਸਿੱਖ ਨੌਜਵਾਨਾਂ ਨਾਲ ਉਹੀ ਵਤੀਰਾ ਹੋਇਆ ਪਰ ਬਹੁਤੀ ਹਿਲਜੁਲ ਨਹੀਂ ਹੋਈ। ਇੱਥੋਂ ਤਕ ਕਿ ਉਸ ਦਾ ਅਜੇ ਤਕ ਥਹੁ-ਪਤਾ ਹੀ ਨਹੀਂ ਲੱਗ ਰਿਹਾ। ਲੜਕੇ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ...?
ਜਵਾਬ : ਜਿਹੜੇ ਮੁੰਡੇ ਦੇ ਫ਼ੋਟੋ ਵਾਇਰਲ ਹੋ ਰਹੀ ਹੈ, ਹਰਪ੍ਰੀਤ ਨਾਮ ਦਾ ਇਹ ਮੁੰਡਾ ਬਰਨਾਲਾ ਜ਼ਿਲ੍ਹੇ ਦੇ ਪੰਧੇਰ ਪਿੰਡ ਦਾ ਵਸਨੀਕ ਹੈ। ਅਸੀਂ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲਈ ਹੈ ਅਤੇ ਉਸ ਦੀ ਕਾਨੂੰਨੀ ਲੜਾਈ ਵੀ ਲੜਾਂਗੇ। ਸਰਕਾਰ ਅਜਿਹੇ ਮਾਮਲਿਆਂ ਲਈ ਪੂਰੀ ਤਰ੍ਹਾਂ ਗੰਭੀਰ ਹੈ। ਇਸੇ ਤਰ੍ਹਾਂ ਧਰਨਾਕਾਰੀ ਕਿਸਾਨਾਂ ਦੀ ਸਕਿਊਰਟੀ ਦੀ ਗੱਲ ਉਠੀ ਸੀ ਪਰ ਕਾਨੂੰਨੀ ਤੌਰ ’ਤੇ ਅਸੀਂ ਕਿਸੇ ਦੂਜੇ ਸੂਬੇ ਵਿਚ ਅਪਣੀ ਫੋਰਸ ਤੈਨਾਤ ਨਹੀਂ ਕਰ ਸਕਦੇ। ਕੈਪਟਨ ਸਾਹਿਬ ਚਿੱਠੀ ਲਿਖ ਰਹੇ ਹਨ ਜਿਸ ਵਿਚ ਉਥੇ ਤੈਨਾਤ ਸਕਿਊਰਟੀ ਦਾ ਖ਼ਰਚਾ ਪੰਜਾਬ ਸਰਕਾਰ ਦੇਵੇਗੀ। ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਮੁਰਦਾਬਾਦ ਕਰਨ ਲਈ ਆ ਰਹੇ ਹਨ, ਉਹ ਵੀ ਤਿਰੰਗਾ ਲੈ ਕੇ ਆ ਰਹੇ ਹਨ ਜੋ ਤਿਰੰਗੇ ਦੀ ਤੌਹੀਨ ਹੈ, ਜੋ ਬਹੁਤ ਗ਼ਲਤ ਗੱਲ ਹੈ।
ਸਵਾਲ : ਕਿਹਾ ਜਾ ਰਿਹਾ ਹੈ ਕਿ ਇਹ ਨੌਜਵਾਨ ਉਸ ਵਰਜਿਸ ਇਲਾਕੇ ਵਿਚ ਗਏ, ਪਰ ਕੀ ਅਜਿਹੀਆਂ ਥਾਵਾਂ ’ਤੇ ਖ਼ਾਸ ਸਕਿਊਰਿਟੀ ਨਹੀਂ ਹੁੰਦੀ?
ਜਵਾਬ : ਖ਼ਾਸ ਸਕਿਊਰਟੀ ਆਮ ਲੋਕਾਂ ਲਈ ਹੈ, ਪਰ ਜਦੋਂ ਸਰਕਾਰ ਸਕਿਊਰਟੀ ਨਾ ਵਰਤਣੀ ਚਾਹੁੰਦੀ ਹੋਵੇ ਤਾਂ ਹੋਰ ਗੱਲ ਹੈ। ਦੂਜੀ ਗੱਲ, ਰਿੰਗ ਰੋਡ ਵੱਲ ਜਾਣ ਦਾ ਐਲਾਨ ਰਾਤ 9 ਵਜੇ ਹੀ ਹੋ ਗਿਆ ਸੀ, ਪਰ ਕੇਂਦਰ ਸਰਕਾਰ ਨੇ ਸਕਿਊਰਟੀ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ। ਇਹ ਸਭ ਸਾਜ਼ਸ਼ ਤਹਿਤ ਹੋਇਆ ਅਤੇ ਜਿਹੜੇ ਆਗੂ ਉਥੇ ਗਏ ਉਹ ਕਿਸਾਨ ਯੂਨੀਅਨਾਂ ਦੇ ਨਹੀਂ ਸਨ। ਇਹ ਸਾਰਾ ਕੁੱਝ ਲੰਮੇਂ ਸਮੇਂ ਤੋਂ ਸ਼ਾਂਤਮਈ ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤਾ ਗਿਆ, ਜਿਸ ਦਾ ਪੰਜਾਬ ਨੂੰ ਨੁਕਸਾਨ ਹੋਇਆ ਹੈ ਕਿਉਂਕਿ ਬੜੀ ਦੇਰ ਬਾਅਦ ਲੋਕ ਪੰਜਾਬੀਆਂ ਨੂੰ ਇੱਜ਼ਤ ਨਾਲ ਵੇਖਣ ਲੱਗੇ ਸਨ।
Sukhjinder Randhawa
ਸਵਾਲ : ਜਿਵੇਂ ਟਿਕਰੀ ਬਾਰਡਰ ’ਤੇ ਪੁਲਿਸ ਨੇ ਹਰਪ੍ਰੀਤ ਨਾਮ ਦੇ ਨੌਜਵਾਨ ’ਤੇ ਤਸ਼ੱਦਦ ਕੀਤਾ, ਪਰ ਲਾਲ ਕਿਲੇ ਵਿਚ ਜਿੱਥੇ ਪੁਲਿਸ ਵਾਲੇ ਅਪਣਾ ਬਚਾ ਕਰ ਰਹੇ ਸੀ, ਉਥੇ ਕੁੱਝ ਹਜ਼ਾਰਾਂ ਲੋਕ ਸਨ ਪਰ ਇੱਥੇ ਲੱਖਾਂ ਲੋਕ ਸਨ, ਜਿੱਥੇ ਸਭ ਦੇ ਸਾਹਮਣੇ ਪੁਲਿਸ ਨੇ ਇਹ ਕਾਰਵਾਈ ਕੀਤੀ।
ਜਵਾਬ : ਅਸੀਂ ਦਿੱਲੀ ਪੁਲਿਸ ਕਮਿਸ਼ਨਰ ਨੂੰ ਨੌਜਵਾਨਾਂ ਦੇ ਮਸਲੇ ’ਤੇ ਮਿਲਣ ਲਈ ਬੇਨਤੀ ਕੀਤੀ ਸੀ, ਪਰ ਉਨ੍ਹਾਂ ਦਾ ਜਵਾਬ ਹੈ ਕਿ ਉਹ ਸਿਆਸੀ ਲੋਕਾਂ ਨਾਲ ਨਹੀਂ ਮਿਲ ਸਕਦੇ। ਅਸੀਂ ਕਿਹਾ, ਅਸੀਂ ਸਿਆਸੀ ਨਹੀਂ, ਮੰਤਰੀ ਹਾਂ ਜਿਨ੍ਹਾਂ ਦਾ ਮਤਲਬ ਗੌਰਮਿੰਟ ਹੁੰਦੈ। ਪਰ ਉਹ ਮੰਨਣ ਲਈ ਤਿਆਰ ਨਹੀਂ ਹਨ। ਅਸੀਂ ਗ੍ਰਹਿ ਮੰਤਰੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ, ਜੇਕਰ ਸਮਾਂ ਮਿਲ ਗਿਆ ਤਾਂ ਇਸ ਬਾਰੇ ਜ਼ਰੂਰ ਗੱਲ ਕੀਤੀ ਜਾਵੇਗੀ।
ਸਵਾਲ : ਕੁੱਝ ਨੌਜਵਾਨ ਅੱਗੇ ਆ ਰਹੇ ਹਨ ਜੋ ਚੰਗੀ ਗੱਲ ਵੀ ਹੈ, ਪਰ ਜਿਹੜੀ ਕਹਾਣੀ ਵਿਗੜੀ ਹੈ, ਉਸ ਲਈ ਵੀ ਕੁੱਝ ਗਰਮ ਖਿਆਲੀਆਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ, ਇਸ ਬਾਰੇ ਕੀ ਕਹੋਗੇ?
ਜਵਾਬ : ਮੈਂ ਖੁਦ 35 ਸਾਲ ਦੀ ਉਮਰ ਵਿਚ ਸਿਆਸਤ ਵਿਚ ਆ ਗਿਆ ਸੀ। ਨੌਜਵਾਨਾਂ ਦਾ ਸਿਆਸਤ ਵਿਚ ਆਉਣਾ ਚੰਗੀ ਗੱਲ ਹੈ। ਸਾਰੀਆਂ ਸਿਆਸੀ ਧਿਰਾਂ ਨੌਵਜਾਨਾਂ ਨੂੰ ਤਿਆਰ ਕਰਦੀਆਂ ਹਨ। ਪਰ ਇੱਥੇ ਜਿਹੜੇ ਦੋ-ਤਿੰਨ ਨੌਜਵਾਨ ਸਨ, ਉਨ੍ਹਾਂ ਦੀ ਛਵੀ ਪਹਿਲਾਂ ਹੀ ਠੀਕ ਨਹੀਂ ਸੀ। ਪਰ ਪੰਜਾਬ ਦੇ ਨੌਜਵਾਨਾਂ ਨੂੰ ਨੈਸ਼ਨਲ ਮੀਡੀਆ ਨੇ ਗ਼ਲਤ ਢੰਗ ਨਾਲ ਪੇਸ਼ ਕੀਤਾ ਹੈ। ਮੀਡੀਆ ਨੂੰ ਪੰਜਾਬੀਆਂ ਦੀ ਆਜ਼ਾਦੀ ਦੀ ਲੜਾਈ ਵਿਚ ਦੇਣ ਦਾ ਜ਼ਿਕਰ ਵੀ ਕਰਨਾ ਚਾਹੀਦਾ ਹੈ। ਠੀਕ ਹੈ, ਦੇਸ਼ ਨੂੰ ਮਹਾਤਮਾ ਗਾਂਧੀ ਨੇ ਆਜ਼ਾਦ ਕਰਵਾਇਆ, ਪਰ ਇਸ ਵਿਚ ਭਗਤ ਸਿੰਘ, ਰਾਜਗੁਰੂ ਸੁਖਦੇਵ ਵਰਗੇ ਹੋਰ ਅਨੇਕਾਂ ਨੌਜਵਾਨਾਂ ਦਾ ਵੀ ਯੋਗਦਾਨ ਸੀ, ਜਿਨ੍ਹਾਂ ਨੇ ਅਪਣੀਆਂ ਕੁਰਬਾਨੀਆਂ ਦਿਤੀਆਂ। ਇੱਥੋਂ ਤਕ ਕਿ ਕਸ਼ਮੀਰ ਦੇ ਪੰਡਤਾਂ ਦਾ ਧਰਮ ਬਚਾਉਣ ਖ਼ਾਤਰ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿਖੇ ਸੀਸ ਦੇਣ ਗਏ ਸਨ।
Sukhjinder Randhawa
ਸਵਾਲ : ਆਰ.ਐਸ.ਐਸ. ਵਾਲੇ ਵੀ ਤਾਂ ਕਹਿੰਦੇ ਹੀ ਹਨ ਕਿ ਸਿੱਖ ਹਿੰਦੂਆਂ ਦਾ ਹੀ ਹਿੱਸਾ ਹਨ?
ਜਵਾਬ : ਮੈਂ ਆਰ.ਐਸ.ਐਸ. ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਸਾਰੇ ਪੁਰਾਣੇ ਹਿੰਦੂ ਪੱਖ ਬੰਨਦੇ ਸਨ, ਕੀ ਉਹ ਸਾਰੇ ਸਿੱਖ ਸਨ? ਸੋ ਅਜਿਹੀਆਂ ਵੰਡ ਪਾਉਣ ਵਾਲੀਆਂ ਗੱਲਾਂ ਠੀਕ ਨਹੀਂ ਹਨ। ਇਕ ਪਾਸੇ ਕਿਹਾ ਜਾਂਦਾ ਹੈ ਕਿ ਸਾਨੂੰ ਪਾਕਿਸਤਾਨ ਤੋਂ ਖ਼ਤਰਾ ਹੈ, ਜੇਕਰ ਦੇਸ਼ ਅੰਦਰ ਹੀ ਅਜਿਹੀਆਂ ਗੱਲਾਂ ਕੀਤੀਆਂ ਜਾਣਗੀਆਂ ਤਾਂ ਫਿਰ ਤਾਂ ਸਥਿਤੀ ਹੋਰ ਵੀ ਖ਼ਰਾਬ ਹੋ ਸਕਦੀ ਹੈ। ਹੁਣ ਇਨ੍ਹਾਂ ਨੇ ਇੱਥੇ ਵੀ ਇੰਟਰਨੈਂਟ ਬੰਦ ਕਰ ਦਿਤਾ ਹੈ। ਜੇਕਰ ਇਨ੍ਹਾਂ ਵਲੋਂ ਜੰਮੂ ਕਸ਼ਮੀਰ ਵਿਚ ਇੰਟਰਨੈਂਟ ਬੰਦ ਕਰਨ ਵੇਲੇ ਰੌਲਾ ਪਿਆ ਹੰੁਦਾ ਤਾਂ ਸ਼ਾਇਦ ਇਨ੍ਹਾਂ ਦੀ ਇੱਥੇ ਇੰਟਰਨੈੱਟ ਬੰਦ ਕਰਨ ਦੀ ਹਿੰਮਤ ਨਾ ਪੈਂਦੀ। ਇਕ ਪਾਸੇ ਕਿਹਾ ਜਾਂਦੇ ਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦੈ ਪਰ ਦੂਜੇ ਪਾਸੇ ਖੁਦ ਹੀ ਇੰਟਰਨੈੱਟ ਨੂੰ ਬੰਦ ਕਰ ਰਹੇ ਹਨ। ਅਸੀਂ ਤਾਂ ਕਹਿੰਦੇ ਹਨ ਕਿ ਇਨ੍ਹਾਂ ਨੂੰ ਨੈਸ਼ਨਲ ਮੀਡੀਆ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਹਿੰਦੋਸਤਾਨ ’ਚ ਸ਼ਾਂਤੀ ਆਪਣੇ ਆਪ ਹੋ ਜਾਵੇਗੀ।