ਕਿਸਾਨ ਅੰਦੋਲਨ 'ਚ ਵਹੀਰਾਂ ਘੱਤ ਕੇ ਪੁਜਣ, ਹੁਣ ਪੱਗ ਦਾ ਸਵਾਲ ਹੈ : ਬਿੱਟੂ
ਚੰਡੀਗੜ੍ਹ, 30 ਜਨਵਰੀ (ਭੁੱਲਰ): ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਜੋ ਕਿ ਪਿਛਲੇ 55 ਦਿਨਾਂ ਤੋਂ ਦਿੱਲੀ ਜੰਤਰ-ਮੰਤਰ ਵਿਖੇ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦੇ ਸਮਰਥਨ ਵਿਚ ਧਰਨੇ 'ਤੇ ਬੈਠੇ ਹਨ ਨੇ ਅੱਜ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਪੰਜਾਬੀਉ ਹੁਣ ਪੱਗ ਦਾ ਸਵਾਲ ਹੈ, ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਪਾਰਟੀ ਪੱਧਰ ਤੋਂ ਉੱਪਰ ਉੱਠ ਵਹੀਰਾਂ ਘੱਤ ਕੇ ਸਿੰਘੂ ਬਾਰਡਰ 'ਤੇ ਪੁੱਜੋ | ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਅੰਦੋਲਨ 'ਚ ਸ਼ਾਂਤਮਈ ਮਾਹੌਲ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਕਿਉਾਕਿ ਇਸ ਨਾਲ ਅੰਦੋਲਨ ਸਫ਼ਲ ਹੋਵੇਗਾ | ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪੰਜਾਬੀ ਨਾ ਜਾਗੇ, ਅਪਣੀ ਪੱਗ ਨਾ ਬਚਾ ਸਕੇ ਤਾਂ ਸਾਡੀਆਂ ਜ਼ਮੀਨਾਂ ਵੀ ਨਹੀਂ ਬਚਣਗੀਆਂ | ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਕੱਲੇ ਕਿਸਾਨ ਹੀ ਨਹੀਂ ਬਲਕਿ ਪੰਜਾਬ ਦੀਆਂ ਮਾਵਾਂ-ਭੈਣਾਂ ਵੀ ਸਮਾਨ ਬੰਨ੍ਹ ਕੇ ਸਿੰਘੂ ਤੇ ਟਿੱਕਰੀ ਬਾਰਡਰ ਆ ਜਾਣ | ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਕੁੱਝ ਲੋਕਾਂ ਨੇ ਕੋਝੀ ਚਾਲ ਚੱਲੀ ਅਤੇ ਕੁੱਝ ਗੱਦਾਰਾਂ ਨੂੰ ਨਾਲ ਲੈ ਕੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਪਰ ਸਾਨੂੰ ਇਹ ਸਭ ਕੁਝ ਭੁਲਾ ਅੱਗੇ ਵਧਣ ਦੀ ਲੋੜ ਹੈ |