
ਕੇਂਦਰ ਸਰਕਾਰ ਵਲੋਂ ਦਰਜ ਕੇਸਾਂ ਦੀ ਕੋਈ ਪ੍ਰਵਾਹ ਨਹੀਂ : ਰਾਜੇਵਾਲ
ਗਿ੍ਫ਼ਤਾਰੀ ਤੋਂ ਵੀ ਨਹੀਂ ਡਰਦੇ ਤੇ ਅਜਿਹਾ ਹੋਣ 'ਤੇ ਅਗਲੀ ਕਤਾਰ ਦੇ ਆਗੂ ਅਗਵਾਈ ਸਾਂਭਣਗੇ
ਚੰਡੀਗੜ੍ਹ, 30 ਜਨਵਰੀ (ਗੁਰਉਪਦੇਸ਼ ਭੁੱਲਰ): ਕੇਂਦਰ ਸਰਕਾਰ ਵਲੋਂ ਦਰਜ ਕੀਤੇ ਕੇਸਾਂ ਦੀ ਸਾਨੂੰ ਕੋਈ ਪ੍ਰਵਾਹ ਨਹੀਂ ਅਤੇ ਗਿ੍ਫ਼ਤਾਰੀ ਤੋਂ ਵੀ ਨਹੀਂ ਡਰਦੇ | ਇਹ ਵਿਚਾਰ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਪਹੰੁਚ ਕੇ ਕਿਸਾਨ ਭਵਨ ਵਿਚ ਕੀਤੀ ਖਚਾਖਚ ਪ੍ਰੈਸ ਕਾਨਫ਼ਰੰਸ ਵਿਚ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਅੰਦੋਲਨਾਂ ਵਿਚ ਕੇਸ ਹੀ ਦਰਜ ਹੁੰਦੇ ਹਨ ਤੇ ਕੋਈ ਹਾਰ ਨਹੀਂ ਪਾਉਂਦਾ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜੇ ਪ੍ਰਮੁੱਖ ਆਗੂਆਂ ਦੀ ਗਿ੍ਫ਼ਤਾਰੀ ਹੁੰਦੀ ਹੈ ਤਾਂ ਅਗਲੀ ਕਤਾਰ ਦੇ ਹੋਰ ਆਗੂ ਅੰਦੋਲਨ ਦੀ ਜ਼ਿੰਮੇਵਾਰੀ ਸੰਭਾਲਣਗੇ ਪਰ ਚਲ ਰਹੇ ਅੰਦੋਲਨ ਵਿਚ ਕੋਈ ਰੁਕਾਵਟ ਨਹੀਂ ਆਵੇਗੀ | ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਨੂੰ ਕੋਈ ਨੋਟਿਸ ਵੀ ਨਹੀਂ ਮਿਲਿਆ ਅਤੇ ਜਦ ਕੋਈ ਨੋਟਿਸ ਮਿਲਦਾ ਹੈ ਤਾਂ ਉਸ ਦਾ ਠੋਕਵਾਂ ਜਵਾਬ ਦਿਤਾ ਜਾਵੇਗਾ |
26 ਜਨਵਰੀ ਨੂੰ ਲਾਲ ਕਿਲ੍ਹੇ ਤੇ ਕੇimageਸਰੀ ਤੇ ਕਿਸਾਨੀ ਝੰਡੇ ਲਹਿਰਾਉਣ ਬਾਅਦ ਅੰਦੋਲਨ 'ਤੇ ਪਏ ਪ੍ਰਭਾਵ ਬਾਰੇ ਪੁਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਕ ਵਾਰੀ ਤਾਂ ਜ਼ਰੂਰ ਝਟਕਾ ਲੱਗਿਆ ਸੀ ਪਰ ਛੇਤੀ ਹੀ ਅੰਦੋਲਨ ਮੁੜ ਪਹਿਲਾਂ ਵਾਲੇ ਜੋਬਨ 'ਤੇ ਆ ਚੁੱਕਾ ਹੈ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਭਾਵੁਕ ਐਕਸ਼ਨ ਨਾਲ ਵੀ ਕਿਸਾਨ ਮੋਰਚੇ ਨੂੰ ਨਵਾਂ ਬਲ ਮਿਲਿਆ ਹੈ | ਉਨ੍ਹਾਂ ਕਿਹ ਕਿ ਲੋਕਾਂ ਨੂੰ 26 ਜਨਵਰੀ ਦੀ ਸਾਜ਼ਸ਼ ਬਾਰੇ ਛੇਤੀ ਹੀ ਸਮਝ ਆ ਗਈ ਜਿਸ ਕਾਰਨ ਪੰਜਾਬ, ਹਰਿਆਣਾ, ਯੂ.ਪੀ. ਤੋਂ ਮੁੜ ਕਿਸਾਨਾਂ ਨੇ ਪਹਿਲਾਂ ਵਾਂਗ ਦਿੱਲੀ ਦੀਆਂ ਹੱਦਾਂ ਵਲ ਤੇਜ਼ੀ ਨਾਲ ਪਰਤਣਾ ਸ਼ੁਰੂ ਕਰ ਦਿਤਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਉਪਰ ਹੋਏ ਹਮਲਿਆਂ ਦਾ ਸੱਚ ਵੀ ਬੇਨਕਾਬ ਹੋ ਚੁੱਕਾ ਹੈ ਅਤੇ ਇਹ ਹਮਲੇ ਵੀ ਭਾਜਪਾ ਤੇ ਆਰ.ਐਸ.ਐਸ. ਦੇ ਲੋਕਾਂ ਵਲੋਂ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੀਤੇ ਗਏ ਹਨ | ਕਈ ਹਮਲਾਵਾਰ ਪਛਾਣੇ ਵੀ ਜਾ ਚੁੱਕੇ ਹਨ | ਕੇਂਦਰ ਸਰਕਾਰ ਕਿਸਾਨਾਂ ਨੂੰ ਡਰਾ-ਧਮਕਾ ਕੇ ਮੋਰਚਿਆਂ ਤੋਂ ਖਦੇੜਨ ਲਈ ਹੀ ਇਹ ਹੱਥਕੰਡੇ ਅਪਣਾ ਰਹੀ ਹੈ ਪਰ ਕਿਸਾਨ ਸ਼ਾਂਤਮਈ ਅੰਦੋਲਨ ਜਾਰੀ ਰੱਖਣ ਲਈ ਦਿੜ ਹਨ |
ਉਨ੍ਹਾਂ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਮੋਦੀ ਸਰਕਾਰ ਲੋਕਾਂ ਦੀ ਨਬਜ਼ ਪਛਾਣੇ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰੇ | ਉਨ੍ਹਾਂ ਕਿਹਾ ਕਿ ਅਸੀ ਗੱਲਬਾਤ ਤੋਂ ਨਹੀਂ ਭੱਜਦੇ ਅਤੇ ਜੇ ਸਰਕਾਰ ਬੁਲਾਉਂਦੀ ਹੈ ਤਾਂ ਗੱਲਬਾਤ ਲਈ ਜਾਵਾਂਗੇ | ਉਨ੍ਹਾਂ ਕਿਹਾ ਕਿ ਸਰਕਾਰ ਅੰਦੋਲਨ ਫ਼ੇਲ੍ਹ ਕਰਨ ਲਈ ਬਿਜਲੀ, ਪਾਣੀ ਤੇ ਇੰਟਰਨੈੱਟ ਬੰਦ ਕਰਨ ਵਰਗੇ ਤਰੀਕੇ ਵੀ ਵਰਤ ਰਹੀ ਹੈ ਪਰ ਕਿਸਾਨਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਣ ਵਾਲਾ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 26 ਜਨਵਰੀ ਦੀ ਸਰਕਾਰੀ ਸਾਜ਼ਸ਼ ਵਿਚ ਦੀਪ ਸਿੱਧੂ, ਸਰਵਣ ਸਿੰਘ ਪੰਧੇਰ ਤੇ ਸਨਾਮ ਸਿੰਘ ਪੰਨੂੰ ਸ਼ਾਮਲ ਹਨ ਪਰ ਕਿਸਾਨ ਮੋਰਚੇ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹੋਰ ਆਗੂਆਂ ਤੇ ਮੈਂਬਰਾਂ ਨਾਲ ਕੋਈ ਵੈਰ ਵਿਰੋਧ ਨਹੀਂ | ਸਿਆਸੀ ਪਾਰਟੀਆਂ ਬਾਰੇ ਰਾਜੇਵਾਲ ਨੇ ਕਿਹਾ ਕਿ ਅਸੀ ਉਨ੍ਹਾਂ ਨੂੰ ਸਟੇਜ ਨਹੀਂ ਦਿਆਂਗੇ ਪਰ ਜੋ ਸਾਧਾਰਣ ਕਿਸਾਨ ਵਾਂਗ ਸਮਰਥਨ ਦਿੰਦੇ ਹਨ ਤਾਂ ਉਨ੍ਹਾਂ ਦੇ ਧਨਵਾਦੀ ਹਾਂ |
ਡੱਬੀ
ਗਿ੍ਫ਼ਤਾਰ ਕਿਸਾਨਾਂ ਦੀ ਮੋਰਚਾ ਕਾਨੂੰਨੀ ਮਦਦ ਕਰੇਗਾ
ਰਾਜੇਵਾਲ ਨੇ 26 ਜਨਵਰੀ ਦੇ ਘਟਨਾਕ੍ਰਮ ਦੌਰਾਨ ਦਿੱਲੀ ਵਿਚ ਦਾਖ਼ਲ ਹੋ ਕੇ ਲਾਲ ਕਿਲ੍ਹੇ ਵਲ ਜਾਣ ਵਾਲੇ ਲਾਪਤਾ ਕਿਸਾਨਾਂ ਬਾਰੇ ਕਿਹਾ ਕਿ ਹਾਲੇ ਇਨ੍ਹਾਂ ਦਾ ਪਤਾ ਲਾਇਆ ਜਾ ਰਿਹਾ ਹੈ ਤੇ ਮੋਰਚਾ ਗਿ੍ਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਉਨ੍ਹਾਂ ਦੀ ਕਾਨੂੰਨੀ ਮਦਦ ਕਰੇਗਾ | ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਦੀ ਸਾਜ਼ਸ਼ ਵਿਚ ਤਾਂ ਥੋੜ੍ਹੇ ਵਿਅਕਤੀ ਹੀ ਸ਼ਾਮਲ ਸਨ ਜਾਂ ਸਰਕਾਰੀ ਲੋਕ ਸਨ ਅਤੇ ਜ਼ਿਆਦਾ ਕਿਸਾਨ ਤਾਂ ਵਹਾਅ ਵਿਚ ਵਹਿ ਕੇ ਕੁੱਝ ਸਾਜ਼ਸ਼ੀ ਲੋਕਾਂ ਦੇ ਪਿਛੇ ਲੱਗ ਕੇ ਲਾਲ ਕਿਲ੍ਹੇ ਵਲ ਚਲੇ ਗਏ ਸਨ ਜਿਸ ਕਰ ਕੇ ਅਸੀ ਪੁਲਿਸ ਕਾਰਵਾਈ ਵਿਚ ਜ਼ਖ਼ਮੀ ਜਾਂ ਗਿ੍ਫ਼ਤਾਰ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਦੇ ਮਾਮਲੇ ਸਰਕਾਰ ਕੋਲ ਵੀ ਚੁਕਾਂਗੇ |
.
ਪ੍ਰੈਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦੇ ਹੋਏ ਬਲਬੀਰ ਸਿੰਘ ਰਾਜੇਵਾਲ | (ਸੰਤੋਖ ਸਿੰਘ)