
ਮੁਰਾਦਾਬਾਦ ’ਚ ਟਰੱਕ-ਬੱਸ ਦੀ ਟੱਕਰ, 10 ਮੌਤਾਂ
ਮੁਰਾਦਾਬਾਦ, 30 ਜਨਵਰੀ : ਮੁਰਾਦਾਬਾਦ-ਆਗਰਾ ਰਾਜਮਾਰਗ ’ਚ ਵਾਪਰੇ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ। ਜਦਕਿ 25 ਲੋਕ ਜ਼ਖ਼ਮੀ ਹੋਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਈਆਂ ਦੀ ਹਾਲਤ ਗੰਭੀਰ ਹੈ। ਐਸਐਸਪੀ ਨੇ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਆਗਰਾ ਰਾਜ ਮਾਰਗ ’ਤੇ ਸਨਿਚਰਵਾਰ ਸਵੇਰੇ ਕੁੰਦਰਕੀ ਥਾਣਾ ਖੇਤਰ ਦੇ ਨਾਨਪੁਰ ਦੀ ਪੁਲ ਨੇੜੇ ਇਕ ਟਰੱਕ ਅਤੇ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ। ਜਦਕਿ 25 ਲੋਕ ਜ਼ਖ਼ਮੀ ਹੋਏ ਹਨ। ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਵਾਹਨਾਂ ਦੇ ਬਾਅਦ ਤੀਜਾ ਵਾਹਨ ਵੀ ਉਨ੍ਹਾਂ ਵਿਚ ਟਕਰਾ ਗਿਆ। ਹਾਦਸੇ ਸਮੇਂ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਓਵਰਟੇਕ ਕਰਨ ’ਤੇ ਵਾਪਰੀ ਹੈ। ਪੁਲਿਸ ਅਨੁਸਾਰ ਇਕ ਨਿੱਜੀ ਬਸ ਕੁੰਦਰਕੀ ਤੋਂ ਯਾਤਰੀਆਂ ਨਾਲ ਮੁਰਾਦਾਬਾਦ ਜਾ ਰਹੀ ਸੀ। ਜਿਵੇਂ ਹੀ ਬਸ ਨਾਨਪੁਰ ਪੁਲ ਕੋਲ ਗਈ ਤਾਂ ਸਾਹਮਣੇ ਤੋਂ ਆਏ ਕੈਂਟਰ ਨੇ ਬੱਸ ਨੂੰ ਟੱਕਰ ਮਾਰ ਦਿਤੀ। ਹਾਦਸੇ ਵਿਚ ਟਰੱਕ ਪਲਟ ਗਿਆ, ਜਦੋਂ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦੌਰਾਨ ਤੀਜੀ ਗੱਡੀ ਨੇ ਵੀ ਬੱਸ ਨੂੰ ਟੱਕਰ ਮਾਰ ਦਿਤੀ। (ਪੀਟੀਆਈ)